ਨੀਲੇ ਕਾਰਡ ਕੱਟੇ ਜਾਣ ''ਤੇ ਲੋਕਾਂ ''ਚ ਮਚੀ ਹਾਹਾਕਾਰ

03/23/2018 5:23:41 AM

ਹੰਬੜਾਂ,   (ਸਤਨਾਮ)- ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਸਸਤਾ ਰਾਸ਼ਨ ਮਿਲਣ ਵਾਲੀ ਸਕੀਮ ਦੀ ਮੁੜ ਜਾਂਚ ਕਰ ਕੇ ਆਮਦਨ ਦੇ ਆਧਾਰ 'ਤੇ ਕਈ ਪਰਿਵਾਰਾਂ ਦੇ ਨੀਲੇ ਕਾਰਡ ਰੱਦ ਹੋ ਗਏ ਹਨ, ਜਿਸ ਕਰ ਕੇ ਉਨ੍ਹਾਂ 'ਚ ਸਰਕਾਰ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 
ਪਿੰਡ ਭੱਟੀਆਂ ਢਾਹਾ ਦੇ ਸਰਪੰਚ ਮਨਦੀਪ ਕੌਰ ਬਾਠ ਦੇ ਪਤੀ ਜਸਵੀਰ ਸਿੰਘ ਬਾਠ ਅਤੇ ਸਮਾਜ ਸੇਵਕ ਸੁਖਦੇਵ ਸਿੰਘ ਭੱਟੀਆਂ ਅਤੇ ਹੋਰ ਲੋਕਾਂ ਨੇ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਦੀਆਂ ਵਿਧਵਾਵਾਂ ਤੇ ਬੇਸਹਾਰਾ ਜਿਨ੍ਹਾਂ 'ਚ ਹਰਜੀਤ ਕੌਰ, ਮਨਜੀਤ ਕੌਰ, ਸਿਕੰਦਰ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਜਿੰਦਰ ਕੌਰ, ਸੁਰਿੰਦਰ ਸਿੰਘ, ਉਜਾਗਰ ਸਿੰਘ ਅਤੇ ਕਰੀਬ 83 ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟੇ ਗਏੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕਰਨ ਵਾਲੀ ਟੀਮ ਨੇ ਘਰ-ਘਰ ਜਾਣ ਦੀ ਬਜਾਏ ਇਕ ਘਰ 'ਚ ਹੀ ਬੈਠ ਕੇ ਕਾਰਵਾਈ ਕੀਤੀ।  ਲਾਭਪਾਤਰਾਂ ਦੇ ਪਰਿਵਾਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਪਿੰਡ ਭੱਟੀਆਂ ਢਾਹਾਂ ਸਾਹਮਣੇ ਕਾਰਡ ਕੱਟੇ ਜਾਣ ਦੇ ਵਿਰੋਧ ਵਿਚ ਰੋਸ ਜ਼ਾਹਿਰ ਕੀਤਾ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਮੁੜ ਜਾਂਚ ਕਰ ਕੇ ਕਾਰਡ ਦੁਬਾਰਾ ਬਹਾਲ ਕੀਤੇ ਜਾਣ।
ਪਿੰਡ ਰਾਣਕੇ ਦੇ ਲੋਕਾਂ ਦੇ ਵੀ ਕੱਟੇ ਨੀਲੇ ਕਾਰਡ
ਇਸੇ ਤਰ੍ਹਾਂ ਪਿੰਡ ਰਾਣਕੇ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਦਰਸ਼ਨ ਸਿੰਘ, ਰਾਮ ਲਾਲ, ਸੁਖਦੇਵ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਪਿੰਡ ਦੇ ਮੰਗਾ ਸਿੰਘ, ਰਾਜਵਿੰਦਰ ਸਿੰਘ, ਸੁਦਾਗਰ ਸਿੰਘ, ਛਿੰਦਰਪਾਲ ਸਿੰਘ, ਪ੍ਰੇਮ ਸਿੰਘ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ, ਰਾਮ ਲਾਲ, ਸੁਖਦੇਵ ਸਿੰਘ ਅਤੇ ਜਸਵੀਰ ਸਿੰਘ ਸਮੇਤ ਹੋਰ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਹੋਰ ਤਾਂ ਹੋਰ ਪਿੰਡ ਦੀ ਇਕ ਵਿਧਵਾ ਮਹਿੰਦਰ ਕੌਰ ਅਤੇ ਬੇਸਹਾਰਾ ਪਰਿਵਾਰ ਦਾ ਕਾਰਡ ਵੀ ਕੱਟ ਦਿੱਤਾ ਗਿਆ। ਲਾਭਪਾਤਰੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼ਿਰ ਤੋਂ ਜਾਂਚ ਕਰ ਕੇ ਉਨ੍ਹਾਂ ਨੂੰ ਮੁੜ ਆਟਾ-ਦਾਲ ਸਕੀਮ ਤਹਿਤ ਲਿਆਂਦਾ ਜਾਵੇ। 
ਇਸੇ ਤਰ੍ਹਾਂ ਪਿੰਡ ਹੰਬੜਾਂ ਦੇ 600 ਨੀਲੇ ਕਾਰਡ ਧਾਰਕਾਂ ਵਿਚੋਂ 200 ਤੋਂ ਵੱਧ ਕਾਰਡ ਕੱਟੇ ਗਏ। ਇਸੇ ਤਰ੍ਹਾਂ ਘਮਣੇਵਾਲ, ਵਲੀਪੁਰ ਕਲਾਂ, ਵਲੀਪੁਰ ਖੁਰਦ, ਪੁੜੈਣ, ਆਲੀਵਾਲ, ਸਲੇਮਪੁਰ, ਗੌਸਪੁਰ, ਨੂਰਪੁਰ ਬੇਟ, ਚੱਕ ਕਲਾਂ, ਭੱਠਾ ਧੂਆ, ਕੌਟਲੀ, ਤਲਵੰਡੀ ਨੌਅਬਾਦ ਸਮੇਤ ਦਰਜਨਾਂ ਪਿੰਡਾਂ ਦੇ ਨੀਲੇ ਕਾਰਡ ਧਾਰਕਾਂ 'ਤੇ ਕੈਂਚੀ ਚਲਾਉਂਦੇ ਹੋਏ ਅਧਿਕਾਰੀਆਂ ਨੇ ਗਰੀਬ ਤੇ ਲੋੜਵੰਦ ਲੋਕਾਂ ਅੰਦਰ ਹਾਹਾਕਾਰ ਮਚਾ ਦਿੱਤੀ ਹੈ। ਜਦੋਂ ਇਕ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀ ਨਾਲ ਉਕਤ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀਆਂ ਦੇ ਕਿਸੇ ਕਾਰਨ ਨੀਲੇ ਕਾਰਡ ਕੱਟੇ ਗਏ ਹਨ, ਉਹ ਸਬੰਧਤ ਐੱਸ. ਡੀ. ਐੱਮ. ਨੂੰ ਫ਼ਿਰ ਤੋਂ ਪੜਤਾਲ ਕਰਨ ਬਾਰੇ ਮੰਗ-ਪੱਤਰ ਦੇ ਸਕਦੇ ਹਨ।


Related News