ਮਹਿਲਾ ਸਟਾਫ ਦੀ ਹਾਜ਼ਰੀ ਨਹੀਂ ਚੁੱਕ ਰਹੀ ਬਾਇਓਮੀਟ੍ਰਿਕ ਡਿਵਾਈਸ

03/23/2018 4:30:40 AM

ਲੁਧਿਆਣਾ,   (ਵਿੱਕੀ)-  ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਸਟਾਫ ਦੀ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕਰਨ ਦੀ ਪ੍ਰਕਿਰਿਆ ਦੇ ਪਹਿਲੇ ਪੜਾਅ ਨੂੰ ਝਟਕਾ ਲਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਵਿਭਾਗ ਨੇ ਜਲਦਬਾਜ਼ੀ ਦੇ ਬਿਨਾਂ ਤਿਆਰੀ ਪੂਰੀ ਕੀਤੇ ਇਸ ਪ੍ਰਾਜੈਕਟ ਨੂੰ ਰਾਜ ਭਰ ਦੇ 900 ਸਕੂਲਾਂ ਲਈ ਸ਼ੁਰੂ ਤਾਂ ਕਰਵਾ ਦਿੱਤਾ ਹੈ ਪਰ ਕਈ ਅਧਿਆਪਕਾਵਾਂ ਅਜਿਹੀਆਂ ਹਨ, ਜਿਨ੍ਹਾਂ ਦੀ ਆਧਾਰ ਕਾਰਡ ਡਿਟੇਲ ਮਿਸ-ਮੈਚ ਹੋਣ ਦੀਆਂ ਤਕਨੀਕੀ ਖਾਮੀਆਂ ਕਾਰਨ ਉਨ੍ਹਾਂ ਦੀ ਹਾਜ਼ਰੀ ਨਹੀਂ ਲੱਗ ਰਹੀ।
ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਰ. ਐੱਸ. ਮਾਡਲ ਸਕੂਲ ਸ਼ਾਸਤਰੀ ਨਗਰ ਵਿਚ ਕਰਵਾਈ ਟ੍ਰੇਨਿੰਗ ਦੌਰਾਨ ਕਈ ਸਕੂਲਾਂ ਦੀਆਂ ਪ੍ਰਿੰਸੀਪਲਾਂ ਅਤੇ ਅਧਿਆਪਕਾਵਾਂ ਨੇ ਸ਼ਿਕਾਇਤ ਕੀਤੀ ਕਿ ਮਸ਼ੀਨ ਉਨ੍ਹਾਂ ਦੀ ਹਾਜ਼ਰੀ ਨਹੀਂ ਲੈ ਰਹੀ। ਮਹਿਲਾ ਸਟਾਫ ਦੀ ਇਸ ਸ਼ਿਕਾਇਤ ਨੂੰ ਸੁਣ ਕੇ ਐੱਮ. ਆਈ. ਐੱਸ. ਕੋਆਰਡੀਨੇਟਰ ਵਿਸ਼ਾਲ ਕੁਮਾਰ ਨੇ ਸਪੱਸ਼ਟ ਕੀਤਾ ਕਿ ਕੁਝ ਮਹਿਲਾ ਸਟਾਫ ਦਾ ਆਧਾਰ ਕਾਰਡ ਡਾਟਾ ਮਿਸ-ਮੈਚ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ ਪਰ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਯਤਨ ਕਰ ਰਹੀਆਂ ਹਨ ਅਤੇ ਜਲਦ ਹੀ ਸਕੂਲ ਦੇ ਪੂਰੇ ਸਟਾਫ ਦੀ ਅਟੈਂਡੈਂਸ ਮਸ਼ੀਨ ਨਾਲ ਲੱਗੇਗੀ।
ਪਹਿਲੇ ਪੜਾਅ 'ਚ 89 ਸਕੂਲਾਂ ਵਿਚ ਸ਼ੁਰੂ ਹੋਇਆ ਪਾਇਲਟ ਪ੍ਰਾਜੈਕਟ : ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਪੰਜਾਬ ਭਰ 'ਚ ਚੁਣੇ ਗਏ ਕੁੱਲ 900 ਸਕੂਲਾਂ ਵਿਚ ਲੁਧਿਆਣਾ ਦੇ 89 ਸਕੂਲਾਂ ਵਿਚ ਪਾਇਲਟ ਪ੍ਰਾਜੈਕਟ ਤਹਿਤ ਬਾਇਓਮੀਟ੍ਰਿਕ ਹਾਜ਼ਰੀ ਡਿਵਾਈਸ ਰਾਹੀਂ ਹਾਜ਼ਰੀ ਲਾਉਣ ਦਾ ਸਿਸਟਮ ਸ਼ੁਰੂ ਕੀਤਾ ਗਿਆ ਹੈ। ਆਰ. ਐੱਸ. ਮਾਡਲ ਸਕੂਲ ਵਿਚ ਹੋਈ ਮੀਟਿੰਗ ਦੌਰਾਨ ਡੀ. ਈ. ਓ. ਸਵਰਨਜੀਤ ਕੌਰ, ਏ. ਈ. ਓ. ਵਿਕਰਮ ਭਨੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਰਹੇ। 2 ਪੜਾਵਾਂ 'ਚ ਰੱਖੀ ਗਈ ਇਸ ਮੀਟਿੰਗ ਵਿਚ ਚੁਣੇ ਹੋਏ 89 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ ਨੂੰ ਸਿਖਲਾਈ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਡਿਵਾਈਸ ਵੀ ਦਿੱਤੀ ਗਈ।
ਆਈ. ਓ. ਐੱਸ. ਫੋਨ 'ਤੇ ਅਪਲੋਡ ਨਹੀਂ ਹੋਵੇਗੀ ਐਪ : ਮੀਟਿੰਗ ਦੌਰਾਨ ਦੱਸਿਆ ਗਿਆ ਕਿ ਬਾਇਓਮੀਟ੍ਰਿਕ ਅਟੈਂਡੈਂਸ ਸਿਸਟਮ ਤਹਿਤ ਸਕੂਲ ਮੁਖੀ ਤੋਂ ਇਲਾਵਾ ਹੋਰਨਾਂ 2 ਅਧਿਆਪਕਾਂ ਨੂੰ ਆਪਣੇ ਮੋਬਾਇਲ 'ਤੇ ਐਪ ਡਾਊਨਲੋਡ ਕਰਨੀ ਹੋਵੇਗੀ। ਹੁਣ ਇੱਥੇ ਦੱਸ ਦੇਈਏ ਕਿ ਹਾਲ ਦੀ ਘੜੀ ਇਹ ਐਪ ਐਂਡਰਾਇਡ 'ਤੇ ਹੀ ਡਾਊਨਲੋਡ ਹੋਵੇਗੀ ਜਦੋਂਕਿ ਆਈ. ਓ. ਐੱਸ. ਫੋਨ 'ਤੇ ਐਪ ਨੂੰ ਡਾਊਨਲੋਡ ਕਰਵਾਉਣ ਹਿੱਤ ਕੰਮ ਚੱਲ ਰਿਹਾ ਹੈ।
ਕਿੱਥੋਂ ਲੱਗੀ ਅਟੈਂਡੈਂਸ ਲੋਕੇਸ਼ਨ ਵੀ ਪਤਾ ਲੱਗੇਗੀ : ਐੱਮ. ਆਈ. ਐੱਸ. ਕੋਆਰਡੀਨੇਟਰ ਵਿਸ਼ਾਲ ਕੁਮਾਰ ਨੇ ਦੱਅਿਸਆ ਕਿ ਬਾਇਓਮੀਟ੍ਰਿਕ ਡਿਵਾਈਸ ਨਾਲ ਲੱਗਣ ਵਾਲੀ ਹਾਜ਼ਰੀ ਈ-ਪੰਜਾਬ ਦੇ ਨਾਲ ਲਿੰਕ ਹੋਵੇਗੀ। ਉਨ੍ਹਾਂ ਦੱਸਿਆ ਕਿ ਈ-ਪੰਜਾਬ 'ਤੇ ਅਧਿਆਪਕਾਂ ਦੀ ਡਿਟੇਲ ਦੇ ਨਾਲ ਸਕੂਲਾਂ ਦੀ ਲੋਕੇਸ਼ਨ ਵੀ ਅਪਲੋਡ ਹੈ। ਅਜਿਹੇ ਵਿਚ ਬਾਇਓਮੀਟ੍ਰਿਕ ਡਿਵਾਈਸ ਤੋਂ ਜਦੋਂ ਹਾਜ਼ਰੀ ਲੱਗੇਗੀ ਤਾਂ ਬਾਕਾਇਦਾ ਪੋਰਟਲ 'ਤੇ ਇਹ ਵੀ ਪਤਾ ਲੱਗ ਸਕੇਗਾ ਕਿ ਹਾਜ਼ਰੀ ਸਕੂਲ ਕੰਪਲੈਕਸ ਦੇ ਅੰਦਰੋਂ ਲੱਗੀ ਹੈ ਜਾਂ ਬਾਹਰੋਂ। 
ਉਨ੍ਹਾਂ ਉਦਾਹਰਨ ਦਿੰਦੇ ਹੋਏ ਕਿਹਾ ਕਿ ਹਾਜ਼ਰੀ ਜੇਕਰ ਸਕੂਲ ਦੇ ਬਾਹਰੋਂ ਵੀ ਲੱਗਦੀ ਹੈ ਤਾਂ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।
ਸਕੂਲ ਖੁੱਲ੍ਹਣ ਅਤੇ ਛੁੱਟੀ ਸਮੇਂ ਲਾਉਣੀ ਹੋਵੇਗੀ ਹਾਜ਼ਰੀ : ਪ੍ਰਿੰਸੀਪਲਾਂ ਅਤੇ ਸਟਾਫ ਨੂੰ ਦੱਸਿਆ ਗਿਆ ਕਿ ਡਿਵਾਈਸ ਦੀ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਹੀ ਨਹੀਂ, ਜਿਨ੍ਹਾਂ ਸਕੂਲਾਂ ਵਿਚ ਸਟਾਫ ਦੀ ਗਿਣਤੀ 40 ਤੋਂ ਜ਼ਿਆਦਾ ਹੈ, ਉਨ੍ਹਾਂ ਵਿਚ ਡਿਵਾਈਸ ਜ਼ਿਆਦਾ ਦਿੱਤੇ ਜਾਣਗੇ ਤਾਂ ਕਿ ਹਾਜ਼ਰੀ ਲਈ ਸਟਾਫ ਨੂੰ ਲੰਬਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ। ਵਿਸ਼ਾਲ ਨੇ ਦੱਸਿਆ ਕਿ ਸਵੇਰੇ ਸਕੂਲ ਆਉਣ ਅਤੇ ਛੁੱਟੀ ਸਮੇਂ ਇਸ ਸਿਸਟਮ ਤਹਿਤ ਹਾਜ਼ਰੀ ਲਾਉਣੀ ਲਾਜ਼ਮੀ ਹੈ।
ਦੂਰ-ਦੁਰਾਡੇ ਖੇਤਰਾਂ ਤੋਂ ਆਉਣ ਵਾਲੇ ਅਧਿਆਪਕਾਂ ਦੇ ਲਈ ਦਿੱਕਤ : ਇੱਥੇ ਹੀ ਬਸ ਨਹੀਂ, ਜਿਨ੍ਹਾਂ ਸਕੂਲਾਂ ਲਈ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ, ਉੱਥੇ ਕਈ ਅਜਿਹੇ ਅਧਿਆਪਕ ਵੀ ਹਨ, ਜੋ ਦੂਜੇ ਜ਼ਿਲਿਆਂ ਤੋਂ ਪੜ੍ਹਾਉਣ ਲਈ ਆਉਂਦੇ ਹਨ, ਇਸ ਸਿਸਟਮ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਲਈ ਪੈਦਾ ਹੋਵੇਗੀ ਕਿਉਂਕਿ ਜੇਕਰ ਸਕੂਲ ਵਿਚ ਸਟਾਫ ਦੀ ਗਿਣਤੀ ਜ਼ਿਆਦਾ ਹੈ ਤਾਂ ਸਕੂਲ ਸਮੇਂ ਤੋਂ 15 ਮਿੰਟ ਪਹਿਲਾਂ ਵੀ ਪੁੱਜਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਆਏ ਅਧਿਆਪਕਾਂ ਦੇ ਪਿੱਛੇ ਲਾਈਨ ਵਿਚ ਲੱਗ ਕੇ ਬਾਇਓਮੀਟ੍ਰਿਕ ਹਾਜ਼ਰੀ ਲਾਉਣ ਲਈ ਉਡੀਕ ਕਰਨੀ ਪਵੇਗੀ। ਹੁਣ ਸਵਾਲ ਇਹ ਹੈ ਕਿ ਹਾਜ਼ਰੀ ਲਾਉਂਦੇ ਸਮੇਂ ਜੇਕਰ ਟਾਈਮ 5 ਮਿੰਟ ਜ਼ਿਆਦਾ ਹੋ ਗਿਆ ਤਾਂ ਕੀ ਸਕੂਲ ਲੱਗਣ ਤੋਂ 15 ਮਿੰਟ ਪਹਿਲਾਂ ਪੁੱਜੇ ਅਧਿਆਪਕਾਂ ਨੂੰ ਲੇਟ ਮੰਨਿਆ ਜਾਵੇਗਾ? ਇਹ ਸਵਾਲ ਅÎਧਿਆਪਕਾਂ ਦੀ ਜ਼ੁਬਾਨ 'ਤੇ ਹੈ।


Related News