ਐੱਸ. ਟੀ. ਐੱਫ. ਨੇ 5 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਸਮੱਗਲਰ ਕੀਤੇ ਗ੍ਰਿਫਤਾਰ

03/23/2018 3:55:46 AM

ਲੁਧਿਆਣਾ,   (ਅਨਿਲ)-  ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਲੁਧਿਆਣਾ ਰੇਂਜ ਦੀ ਟੀਮ ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨਸ਼ਾ ਸਮੱਗਲਰਾਂ ਨੂੰ 5 ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਐੱਸ. ਟੀ. ਐੱਫ. ਦੇ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਕੱਲ ਸੈਕਟਰ 39 ਵਿਚ ਕਮਿਊਨਿਟੀ ਸੈਂਟਰ ਵੱਲ ਜਾ ਰਹੀ ਸੀ ਕਿ ਉੱਥੇ ਬਣੀ ਪਾਰਕ ਵਿਚ 2 ਵਿਅਕਤੀ ਬੈਠੇ ਹੋਏ ਸਨ, ਜੋ ਅਚਾਨਕ ਪੁਲਸ ਪਾਰਟੀ ਨੂੰ ਦੇਖ ਕੇ ਪਾਰਕ ਤੋਂ ਭੱਜ ਗਏ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਦੋ ਵਿਅਕਤੀਆਂ ਦਾ ਪਿੱਛਾ ਕਰ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੋਵਾਂ ਕੋਲੋਂ 1 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਦੋਵਾਂ ਨੂੰ ਗ੍ਰਿਤਫਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਰਾਜੇਸ਼ ਕੁਮਾਰ ਗੇਜਾ (40) ਪੁੱਤਰ ਨਿਰੰਜਣ ਦਾਸ ਅਤੇ ਵਜਿੰਦਰ ਸਿੰਘ ਵਿੱਕੀ (27) ਪੁੱਤਰ ਚਰਨ ਸਿੰਘ ਵਾਸੀ ਦੋਰਾਹਾ ਵਜੋਂ ਹੋਈ। ਇਨ੍ਹਾਂ ਖਿਲਾਫ ਥਾਣਾ ਮੋਤੀ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਦੋਵਾਂ ਸਮੱਗਲਰਾਂ 'ਤੇ ਕਈ ਕੇਸ ਦਰਜ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਸਮੱਗਲਰ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰਦੇ ਆ ਰਹੇ ਹਨ, ਜਿਸ ਵਿਚ ਰਾਜੇਸ਼ ਕੁਮਾਰ 'ਤੇ ਕਤਲ ਦੇ ਯਤਨ ਦੇ ਤਿੰਨ ਕੇਸ, ਨਸ਼ਾ ਸਮੱਗਲਿੰਗ ਦੇ ਦੋ ਕੇਸ ਅਤੇ ਵਜਿੰਦਰ ਸਿੰਘ 'ਤੇ ਨਸ਼ਾ ਸਮੱਗਲਿੰਗ ਦੇ ਦੋ ਕੇਸ ਦਰਜ ਹਨ, ਜਿਸ ਵਿਚ ਦੋਵੇਂ ਸਮੱਗਲਰ ਕਈ ਕਈ ਵਾਰ ਜੇਲ ਜਾ ਚੁੱਕੇ ਹਨ। ਉਹ ਦੋਵੇਂ ਸਮੱਗਲਰ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ ਅਤੇ ਬਾਹਰ ਆਉਣ ਤੋਂ ਬਾਅਦ ਫਿਰ ਨਸ਼ਾ ਸਮੱਗਲਿੰਗ ਦਾ ਧੰਦਾ ਕਰਨ ਲੱਗ ਗਏ।
ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਲਿਆਏ ਸਨ ਖੇਪ
ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਦੋਰਾਹਾ 'ਚ ਵੱਡੇ ਪੱਧਰ 'ਤੇ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਕੋਲੋਂ ਰੋਜ਼ਾਨਾ ਪਰਚੂਨ ਵਿਚ 200 ਤੋਂ ਜ਼ਿਆਦਾ ਗਾਹਕ ਨਸ਼ਾ ਖਰੀਦ ਕੇ ਲਿਜਾਂਦੇ ਹਨ। ਜਦੋਂਕਿ ਇਸ ਵਾਰ ਇਹ ਦੋਵੇਂ ਦੋਸ਼ੀ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਹੈਰੋਇਨ ਦੀ ਖੇਪ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਸਮੱਗਲਰ ਪਹਿਲਾਂ ਆਪ ਨਸ਼ਾ ਕਰਦੇ ਸਨ ਅਤੇ ਜਦੋਂ ਬਾਅਦ ਵਿਚ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਸੀ ਤਾਂ ਦੋਵਾਂ ਨੇ ਨਾਲ ਹੀ ਵੇਚਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ।


Related News