ਪੰਚਾਇਤ ਸੰਮਤੀ ਮੁਲਾਜ਼ਮਾਂ ਨੂੰ 5 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

03/23/2018 2:51:30 AM

ਮਾਹਿਲਪੁਰ, (ਜਸਵੀਰ)- ਪੰਚਾਇਤ ਸੰਮਤੀ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਬੀ.ਡੀ.ਪੀ.ਓ. ਦਫ਼ਤਰ ਵਿਖੇ ਦਿੱਤਾ ਜਾ ਰਿਹਾ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਸੰਮਤੀ ਮੁਲਾਜ਼ਮਾਂ ਨੂੰ ਤਨਖਾਹ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਪਾਸੋਂ ਅਕਤੂਬਰ 2017 ਮਹੀਨੇ ਤੋਂ ਤਨਖਾਹ ਨਾ ਮਿਲਣ ਸਬੰਧੀ ਸਵੈ-ਘੋਸ਼ਣਾ ਪੱਤਰ ਲਏ ਗਏ ਹਨ, ਜੋ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਪ੍ਰਤੱਖ ਸਬੂਤ ਹੈ। ਸੰਮਤੀ ਮੁਲਾਜ਼ਮਾਂ  ਵੱਲੋਂ ਦੱਸਿਆ ਗਿਆ ਕਿ ਦਫਤਰ ਵੱਲੋਂ ਉਨ੍ਹਾਂ ਨੂੰ ਸਾਲ 2017-18 ਦੀ ਸੈਲਰੀ ਡਰਾਅ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਉਹ ਤਨਖਾਹ ਵੀ ਸ਼ਾਮਲ ਕੀਤੀ ਗਈ ਹੈ, ਜੋ ਅਜੇ ਤੱਕ ਉਨ੍ਹਾਂ ਨੂੰ ਮਿਲੀ ਵੀ ਨਹੀਂ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਟੇਟਮੈਂਟਾਂ ਇਸ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਸਾਲ 2017-18 ਦਾ ਬਣਦਾ ਟੈਕਸ ਖਜ਼ਾਨੇ ਜਮ੍ਹਾ ਕਰਵਾਇਆ ਜਾ ਸਕੇ ਪਰੰਤੂ ਤਨਖਾਹ ਨਾ ਮਿਲਣ ਕਾਰਨ ਅਡਵਾਂਸ ਟੈਕਸ ਜਮ੍ਹਾ ਕਰਵਾਉਣਾ ਅਸੰਭਵ ਹੈ। ਮੁਲਾਜ਼ਮਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸੰਮਤੀ ਕਰਮਚਾਰੀਆਂ ਦੀ ਤਨਖਾਹ ਸਰਕਾਰੀ ਖਜ਼ਾਨੇ ਵਿਚੋਂ ਡਰਾਅ ਕਰਵਾਈ ਜਾਵੇ। ਜੇਕਰ ਸਰਕਾਰ ਨੇ ਇਸ ਮਹੀਨੇ ਤੱਕ ਤਨਖਾਹ ਨਾ ਜਾਰੀ ਕੀਤੀ ਤਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਪੰਚਾਇਤ ਸਕੱਤਰ ਯੂਨੀਅਨ ਜ਼ਿਲਾ ਹੁਸ਼ਿਆਰਪੁਰ ਨਾਲ ਤਾਲਮੇਲ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਵੱਲੋਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। 
ਇਸ ਮੌਕੇ ਰਜਿੰਦਰਜੀਤ ਸਿੰਘ ਜ਼ਿਲਾ ਪ੍ਰਧਾਨ, ਪੰਚਾਇਤ ਸਕੱਤਰ ਜਰਨੈਲ ਸਿੰਘ, ਸੁਪਰਡੈਂਟ ਕੇਵਲ ਸਿੰਘ, ਪੰਚਾਇਤ ਸਕੱਤਰ ਹਰਜਿੰਦਰ ਸਿੰਘ, ਪੰਚਾਇਤ ਸਕੱਤਰ ਪਰਵੀਨ ਕੁਮਾਰ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਹੁਸ਼ਿਆਰਪੁਰ-1, ਪ. ਸ. ਸ. ਫ. ਦੇ ਮੀਤ ਪ੍ਰਧਾਨ ਮਲਕੀਤ ਸਿੰਘ, ਸਕੱਤਰ ਮੱਖਣ ਸਿੰਘ ਲੰਗੇਰੀ, ਚਮਨ ਲਾਲ ਪਟਵਾਰੀ ਅਤੇ ਗੁਰਪਾਲ ਸਿੰਘ ਸਾਥੀ, ਪੰਚਾਇਤ ਸਕੱਤਰ ਧਰਮਿੰਦਰ ਸਿੰਘ, ਪੰਚਾਇਤ ਸਕੱਤਰ ਸੁਖਮੰਦਰ ਸਿੰਘ, ਤਖਤ ਸਿੰਘ, ਪੰਚਾਇਤ ਸਕੱਤਰ ਸਾਹਿਬ ਸਿੰਘ, ਪੰਚਾਇਤ ਸਕੱਤਰ ਵਿਜੈ ਕੁਮਾਰ, ਪੰਚਾਇਤ ਸਕੱਤਰ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਸੰਦੀਪ ਸਿੰਘ, ਪੰਚਾਇਤ ਸਕੱਤਰ ਰਣਜੀਤ ਸਿੰਘ, ਪੰਚਾਇਤ ਸਕੱਤਰ ਅਮਰੀਕ ਸਿੰਘ, ਪ੍ਰਧਾਨ ਬਾਲ ਕ੍ਰਿਸ਼ਨ ਪੰਚਾਇਤ ਯੂਨੀਅਨ ਮਾਹਿਲਪੁਰ, ਸੂਰਜ ਪ੍ਰਤਾਪ, ਜਨਰਲ ਸਕੱਤਰ ਜਸਵੀਰ ਸਿੰਘ, ਬਮ ਬਹਾਦਰ, ਚੌਕੀਦਾਰ ਰਾਮ ਦੇਵ ਆਦਿ ਹਾਜ਼ਰ ਸਨ।


Related News