ਕਿਰਾਏਦਾਰ ਦੀ ਦੁਕਾਨ ਨੂੰ ਅੰਦਰੋਂ ਲਾਇਆ ਤਾਲਾ ਵਪਾਰ ਮੰਡਲ ਨੇ ਜਤਾਇਆ ਰੋਸ

03/23/2018 1:56:41 AM

ਰੂਪਨਗਰ, (ਵਿਜੇ)- ਪੁਰਾਣੀ ਸਬਜ਼ੀ ਮੰਡੀ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਦੁਕਾਨ ਮਾਲਕ ਨੇ ਕਿਰਾਏਦਾਰ ਦੀ ਦੁਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਨੂੰ ਅੰਦਰੋਂ ਤਾਲੇ ਲਾ ਦਿੱਤੇ।  ਪੁਰਾਣੀ ਸਬਜ਼ੀ ਮੰਡੀ ਚੌਕ ਦੇ ਨੇੜੇ ਚੱਪਲ ਵਿਕਰੇਤਾ ਭਰਤ ਠੁਕਰਾਲ ਪੁੱਤਰ ਕਮਲ ਕਿਸ਼ੋਰ ਅਤੇ ਉਨ੍ਹਾਂ ਦੀ ਮਾਤਾ ਰਮਾ ਠੁਕਰਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 35 ਸਾਲਾਂ ਤੋਂ ਆਪਣੀ ਦੁਕਾਨ 'ਤੇ ਚੱਪਲਾਂ ਆਦਿ ਵੇਚਣ ਦਾ ਕੰਮ ਕਰ ਰਹੇ ਹਨ। ਅੱਜ ਸਵੇਰੇ ਭਰਤ ਦੁਕਾਨ ਖੋਲ੍ਹਣ ਪਹੁੰਚਿਆ ਤਾਂ ਦੁਕਾਨ ਨੂੰ ਅੰਦਰੋਂ ਲੌਕ ਕੀਤਾ ਹੋਇਆ ਸੀ। ਇਸੇ ਦੌਰਾਨ ਉਥੇ ਮਾਰਕੀਟ ਦੇ ਹੋਰ ਦੁਕਾਨਦਾਰ ਅਤੇ ਵਪਾਰ ਮੰਡਲ ਦੇ ਮੈਂਬਰ ਇਕੱਠੇ ਹੋ ਗਏ। ਭਰਤ ਠੁਕਰਾਲ ਨੇ ਦੱਸਿਆ ਕਿ ਬੀਤੇ ਦਿਨ ਹੀ ਉਸ ਨੇ ਆਪਣੀ ਦੁਕਾਨ 'ਚ ਕਰੀਬ 80 ਹਜ਼ਾਰ ਦੀਆਂ ਚੱਪਲਾਂ ਦਾ ਸਾਮਾਨ ਦੁਕਾਨ 'ਚ ਰੱਖਿਆ ਸੀ। ਉਸ ਦੇ ਦੁਕਾਨ ਮਾਲਕ ਨੇੜੇ ਹੀ ਸਬਜ਼ੀ ਆਦਿ ਵੇਚਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਦੂਸਰੇ ਰਸਤੇ ਤੋਂ ਦੁਕਾਨ ਦੇ ਅੰਦਰ ਜਾ ਕੇ ਤਾਲੇ ਲਾ ਦਿੱਤੇ, ਜਦੋਂਕਿ ਕਬਜ਼ਾ ਕਰਨ ਦੀ ਨੀਅਤ ਨਾਲ ਸਬਜ਼ੀਆਂ ਦੀਆਂ ਬੋਰੀਆਂ ਵੀ ਅੰਦਰ ਰੱਖ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ 1500 ਰੁਪਏ ਪ੍ਰਤੀ ਮਹੀਨਾ ਦੁਕਾਨ ਦਾ ਕਿਰਾਇਆ ਅਦਾ ਕਰਦੇ ਹਨ ਪਰ ਉਨ੍ਹਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ।
ਮੁਰੰਮਤ ਮਗਰੋਂ ਸੌਂਪੀ ਜਾਵੇਗੀ ਕਿਰਾਏਦਾਰ ਨੂੰ ਦੁਕਾਨ : ਮਾਲਕ
ਦੁਕਾਨ ਦੇ ਮਾਲਕ ਨਸੀਰ ਅਹਿਮਦ ਅਤੇ ਅਲੀ ਅਹਿਮਦ ਨਾਲ ਸੰਪਰਕ ਨਹੀਂ ਹੋ ਸਕਿਆ। ਜਦੋਂਕਿ ਉਨ੍ਹਾਂ 'ਚੋਂ ਇਕ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਦੁਕਾਨ 15 ਸਾਲ ਪਹਿਲਾਂ ਖਰੀਦ ਲਈ ਹੈ ਅਤੇ ਉਨ੍ਹਾਂ ਦੇ ਕੋਲ ਇਸ ਦੇ ਸਾਰੇ ਦਸਤਾਵੇਜ਼ ਮੌਜੂਦ ਹਨ। ਜਦੋਂਕਿ ਭਰਤ ਦੇ ਪਿਤਾ ਨੇ ਉਕਤ ਦੁਕਾਨ ਪੁਰਾਣੇ ਦੁਕਾਨ ਮਾਲਕ ਪੰਨਾ ਲਾਲ ਤੋਂ ਕਿਰਾਏ 'ਤੇ ਲਈ ਸੀ। ਉਨ੍ਹਾਂ ਨੇ ਦੁਕਾਨ ਦੀ ਮੁਰੰਮਤ ਕਰਵਾਉਣੀ ਹੈ, ਉਸ ਮਗਰੋਂ ਦੁਬਾਰਾ ਕਿਰਾਏਦਾਰ ਨੂੰ ਇਹ ਸੌਂਪ ਦਿੱਤੀ ਜਾਵੇਗੀ।
ਦੁਕਾਨ ਨੂੰ ਤਾਲਾ ਲਾਉਣਾ ਗੈਰ-ਕਾਨੂੰਨੀ ਕਾਰਵਾਈ : ਬਿੰਟਾ
ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਨੇ ਕਿਹਾ ਕਿ ਦੁਕਾਨ ਮਾਲਕ ਕੁਝ ਸਮਾਂ ਪਹਿਲਾਂ ਦੁਕਾਨ ਦੇ ਮਸਲੇ ਦੇ ਸਬੰਧ 'ਚ ਉਨ੍ਹਾਂ ਨੂੰ ਮਿਲੇ ਸੀ ਅਤੇ ਉਨ੍ਹਾਂ ਵੱਲੋਂ ਸਮਝੌਤਾ ਕਰਵਾਏ ਜਾਣ ਦੀ ਗੱਲ ਕਹੀ ਗਈ ਸੀ ਪਰ ਦੁਕਾਨਦਾਰਾਂ ਨੇ ਆਪਣੀ ਮਨਮਰਜ਼ੀ ਨਾਲ ਕਿਰਾਏਦਾਰ ਦੀ ਦੁਕਾਨ ਨੂੰ ਤਾਲੇ ਲਾ ਕੇ ਗੈਰ-ਕਾਨੂੰਨੀ ਕਾਰਵਾਈ ਕੀਤੀ ਹੈ। ਮਾਰਕੀਟ 'ਚ ਕਿਸੇ ਵੀ ਦੁਕਾਨਦਾਰਾਂ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਉਕਤ ਮਾਮਲਾ ਪੁਲਸ ਦੇ ਕੋਲ ਪਹੁੰਚ ਚੁੱਕਿਆ ਹੈ ਅਤੇ ਖਬਰ ਲਿਖੇ ਜਾਣ ਤੱਕ ਅਗਲੀ ਕਾਰਵਾਈ ਜਾਰੀ ਸੀ।


Related News