23 ਥਰਮਲ ਕਾਮੇ ਬੈਠੇ ਲੜੀਵਾਰ ਭੁੱਖ ਹੜਤਾਲ ''ਤੇ

03/23/2018 12:23:54 AM

ਰੂਪਨਗਰ, (ਵਿਜੇ)- ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਫੈਸਲੇ ਦੇ ਵਿਰੋਧ 'ਚ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਦੇ ਸਾਹਮਣੇ ਸ਼ੁਰੂ ਕੀਤੀ ਥਰਮਲ ਕਾਮਿਆਂ ਦੀ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ 'ਚ ਦਾਖਲ ਹੋ ਗਈ। 
ਅੱਜ ਸਤਨਾਮ ਸਿੰਘ ਦੀ ਅਗਵਾਈ ਹੇਠ ਭੁਪਿੰਦਰ ਸਿੰਘ, ਮਾਨ ਸਿੰਘ, ਚਰਨਜੀਤ ਸਿੰਘ, ਕਮਲਜੀਤ ਸਿੰਘ, ਰਾਮ ਕ੍ਰਿਸ਼ਨ, ਮੋਹਣ ਸਿੰਘ, ਦਲਵੀਰ ਸਿੰਘ, ਕੀਤਾ ਰਾਮ, ਜਸਵੀਰ ਸਿੰਘ ਆਦਿ ਸਮੇਤ 23 ਕਾਮੇ ਭੁੱਖ ਹੜਤਾਲ 'ਤੇ ਬੈਠੇ। ਇਸ ਮੌਕੇ ਸਮੂਹ ਬੁਲਾਰਿਆਂ ਨੇ ਰੋਸ ਪ੍ਰਗਟ ਕਰਦੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਹ ਲਗਾਤਾਰ ਧਰਨੇ, ਰੈਲੀਆਂ ਤੇ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਨੇ ਇਸ ਵੱਲ ਜ਼ਰਾ ਵੀ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ ਥਰਮਲ ਕਾਮਿਆਂ 'ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿੱਤ ਅਤੇ ਕਾਮਿਆਂ ਦੇ ਰੋਜ਼ਗਾਰ ਦੇ ਮੱਦੇਨਜ਼ਰ ਸਰਕਾਰ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਤੁਰੰਤ ਰੱਦ ਕਰੇ। 
ਇਸ ਮੌਕੇ ਸੁਖਦੇਵ ਸਿੰਘ, ਹਰਮੇਸ਼ ਸਿੰਘ ਧੀਮਾਨ, ਰਾਜ ਕੁਮਾਰ ਤਿਵਾੜੀ, ਕੰਵਲਜੀਤ ਸਿੰਘ, ਭਾਗ ਚੰਦ ਸ਼ਰਮਾ, ਕਾਂਸ਼ੀ ਨਾਥ, ਰਘੁਵੀਰ ਸਿੰਘ, ਭਾਗ ਸਿੰਘ, ਧਰਮ ਸਿੰਘ, ਅਮਰਜੀਤ ਸਿੰਘ ਰਾਮ ਸੰਜੀਵਨ ਆਦਿ ਹਾਜ਼ਰ ਸਨ।


Related News