ਆਸਮਾਨੀ ਬਿਜਲੀ ਡਿੱਗਣ ਨਾਲ ਪੋਲਟਰੀ ਫਾਰਮ ਨੂੰ ਲੱਗੀ ਅੱਗ

03/23/2018 12:15:44 AM

ਗੁਰਦਾਸਪੁਰ,   (ਦੀਪਕ)–  ਬੀਤੀ ਰਾਤ 9.30 ਵਜੇ ਅਚਾਨਕ ਆਸਮਾਨੀ ਬਿਜਲੀ ਡਿੱਗਣ ਨਾਲ ਪੋਲਟਰੀ ਫਾਰਮ 'ਚ ਅੱਗ ਲੱਗ ਗਈ। ਜਦੋਂ ਇਹ ਅੱਗ ਲੱਗੀ ਉਦੋਂ ਪੋਲਟਰੀ ਫਾਰਮ ਦਾ ਮਾਲਕ ਫਾਰਮ ਨੂੰ ਬੰਦ ਕਰ ਕੇ ਆਪਣੇ ਘਰ ਜਾ ਚੁੱਕਾ ਸੀ। ਪੋਲਟਰੀ ਫਾਰਮ ਵਿਚ ਸਾਮਾਨ ਸਮੇਤ 8 ਹਜ਼ਾਰ ਚੂਜ਼ੇ ਅੱਗ ਦੀ ਲਪੇਟ ਵਿਚ ਆ ਕੇ ਮਰ ਗਏ ਜਦਕਿ ਪੋਲਟਰੀ ਫਾਰਮ ਦੀ ਛੱਤ ਵੀ ਹੇਠਾਂ ਡਿੱਗ ਗਈ।
ਜਾਣਕਾਰੀ ਦਿੰਦਿਆਂ ਕਰਤਾਰ ਪੋਲਟਰੀ ਫਾਰਮ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗਜ਼ਨੀਪੁਰ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਪਿੰਡ ਵਿਚ ਹੀ ਪੋਲਟਰੀ ਫਾਰਮ ਚਲਾ ਰਿਹਾ ਹੈ। ਬੀਤੀ ਰਾਤ ਉਹ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਸਮੇਂ ਤੋਂ ਪਹਿਲਾਂ ਹੀ ਪੋਲਟਰੀ ਫਾਰਮ ਨੂੰ ਬੰਦ ਕਰ ਕੇ ਘਰ ਚਲਾ ਗਿਆ ਪਰ ਰਾਤ 9.30 ਵਜੇ ਉਸ ਨੂੰ ਪਿੰਡ ਦੇ ਹੀ ਇਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਸ ਦੇ ਪੋਲਟਰੀ ਫਾਰਮ ਨੂੰ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਆਇਆ ਅਤੇ ਦੇਖਿਆ ਕਿ ਉਸ ਦਾ ਪੋਲਟਰੀ ਫਾਰਮ ਅੱਗ ਦੀ ਲਪੇਟ ਵਿਚ ਆਇਆ ਹੋਇਆ ਹੈ। 
ਮੌਕੇ 'ਤੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਫਿਰ ਵੀ ਉਸ ਦਾ ਪੋਲਟਰੀ ਫਾਰਮ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕਾ ਸੀ, ਜਿਸ ਕਰ ਕੇ ਉਸ ਦੇ 8 ਹਜ਼ਾਰ ਚੂਜ਼ੇ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਉਸ ਦਾ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 


Related News