ਰੋਡਵੇਜ਼ ਮੁਲਾਜ਼ਮਾਂ ਨੇ 2 ਘੰਟੇ ਬੱਸ ਸਟੈਂਡ ਕੀਤਾ ਬੰਦ

03/23/2018 12:08:10 AM

ਬਟਾਲਾ,   (ਬੇਰੀ, ਸੈਂਡੀ, ਸਾਹਿਲ, ਖੋਖਰ)-  ਅੱਜ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਬਟਾਲਾ ਦੇ ਮੁਲਾਜ਼ਮਾਂ ਨੇ ਦੋ ਘੰਟਿਆਂ ਲਈ ਬੱਸ ਸਟੈਂਡ ਬਟਾਲਾ ਬੰਦ ਕਰ ਕੇ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਭੜਾਸ ਕੱਢੀ। ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਘੋੜੇਵਾਹ ਏਟਕ ਨੇ ਕਿਹਾ ਕਿ ਪੰਜਾਬ ਸਰਕਾਰ ਰੋਡਵੇਜ਼ ਨੂੰ ਤੋੜ ਕੇ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ, ਜਿਸ ਦੇ ਵਿਰੋਧ ਵਿਚ ਸਾਰੇ ਪੰਜਾਬ ਦੇ ਰੋਡਵੇਜ਼ ਮੁਲਾਜ਼ਮ ਸੰਘਰਸ਼ ਕਰਨ ਲਈ ਉਤਾਰੂ ਹੋ ਗਏ ਹਨ ਜਦਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਤੋਂ ਕੰਨੀ ਕਤਰਾ ਰਹੀ ਹੈ ਅਤੇ ਮੁਲਾਜ਼ਮ ਮੰਗਾਂ 'ਤੇ ਗੌਰ ਨਹੀਂ ਕੀਤਾ ਜਾ ਰਿਹਾ। ਬਲਜੀਤ ਸਿੰਘ ਗਿੱਲ ਸੂਬਾ ਜਨਰਲ ਸਕੱਤਰ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਆਰਡਰ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਟਰਾਂਸਪੋਰਟਸ ਪਾਲਿਸੀ 1988 ਨੂੰ ਲਾਗੂ ਕਰੇ। 
ਗੁਰਦੀਪ ਸਿੰਘ ਪੰਨੂੰ ਮਨਿਸਟੀਰੀਅਲ ਸਟਾਫ ਨੇ ਕਿਹਾ ਕਿ ਕੇਂਦਰ ਸਰਕਾਰ ਮੋਟਰ-ਵ੍ਹੀਕਲ ਸੋਧ ਬਿੱਲ 2017 ਨੂੰ ਕਾਨੂੰਨ ਬਣਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰਨ ਜਾ ਰਹੀ ਹੈ ਜਦਕਿ ਸੜਕਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਰੈਲੀ ਵਿਚ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ 23 ਮਈ ਨੂੰ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਰੋਡਵੇਜ਼ ਦੇ ਟਾਈਮ-ਟੇਬਲ ਨੂੰ ਠੀਕ ਕੀਤਾ ਜਾਵੇ।ਇਸ ਸਮੇਂ ਅਵਤਾਰ ਸਿੰਘ, ਵਿਜੈ ਕੁਮਾਰ ਤੇ ਸਰਤਾਜ ਸਿੰਘ ਏਟਕ, ਰਵਿੰਦਰ ਸਿੰਘ, ਤਰਸੇਮ ਸਿੰਘ ਤੇ ਵੱਸਣ ਸਿੰਘ, ਗੁਰਦੀਪ ਸਿੰਘ ਪਨੂੰ, ਗੁਰਵਿੰਦਰ ਸਿੰਘ ਤੇ ਸੁਰਜੀਤ ਸਿੰਘ ਬਾਬਾ ਮਨਿਸਟੀਰੀਅਲ ਸਟਾਫ, ਪ੍ਰੀਤਮ ਰਾਮ ਤੇ ਪਵਨ ਕੁਮਾਰ ਕੰਡਕਟਰ ਯੂਨੀਅਨ, ਸੁਖਵਿੰਦਰ ਸਿੰਘ, ਹਰਭਜਨ ਸਿੰਘ ਤੇ ਜਤਿੰਦਰ ਸਿੰਘ ਐੱਸ. ਸੀ. ਯੂਨੀਅਨ, ਮਨਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਜ਼ਾਦ ਯੂਨੀਅਨ ਆਦਿ ਹਾਜ਼ਰ ਸਨ।


Related News