ਭਾਰਤ ਨਾਲ ਲੱਗਦੀ ਸਰਹੱਦ ''ਤੇ ਹੁਣ ਸਿੱਧੇ ਫੌਜ ਦੇ ਕੰਟਰੋਲ ''ਚ ਚੀਨੀ ਫਰੰਟੀਅਰ ਟਰੂਪਸ

03/22/2018 11:54:00 PM

ਬੀਜਿੰਗ (ਇੰਟ.)- ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਲੈ ਕੇ ਵੱਡੀ ਤਬਦੀਲੀ ਕੀਤੀ ਹੈ। ਅਸਲ 'ਚ ਚੀਨ ਨੇ ਫਰੰਟੀਅਰ ਟਰੂਪਸ 'ਤੇ ਸਿਵੀਲੀਅਨ ਕੰਟਰੋਲ ਨੂੰ ਪੂਰੀ ਤਰ੍ਹਾਂ ਖਤਮ ਕਰ ਕੇ ਇਸ ਨੂੰ ਸਿੱਧੇ ਤੌਰ 'ਤੇ ਫੌਜ ਦੇ ਕੰਟਰੋਲ 'ਚ ਲੈ ਲਿਆ ਹੈ। ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਨੇ ਦੇਸ਼ ਦੀਆਂ ਹਥਿਆਰਬੰਦ ਫੋਰਸਾਂ 'ਤੇ ਸੱਤਾਧਾਰੀ ਪਾਰਟੀ ਦਾ ਪ੍ਰਭਾਵ ਵਧਾਉਣ ਲਈ ਪੀਪਲਜ਼ ਆਰਮਡ ਪੁਲਸ ਨਾਲ ਗੈਰ ਫੌਜੀ ਅਦਾਰਿਆਂ ਅਧੀਨ ਕੰਮ ਕਰਨ ਵਾਲੇ ਫਰੰਟੀਅਰ ਡਿਫੈਂਸ ਟਰੂਪਸ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜਿਨਪਿੰਗ ਸੀ. ਪੀ. ਸੀ. ਦੇ ਮੁਖੀ ਹਨ।
ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਦੀ ਇਕ ਰਿਪੋਰਟ ਮੁਤਾਬਕ ਇਹ ਟਰੂਪਸ ਪਹਿਲਾਂ ਹਥਿਆਰਬੰਦ ਪੁਲਸ ਦਾ ਹਿੱਸਾ ਸਨ। ਇਸ ਦਾ ਪ੍ਰਬੰਧ ਇੰਸਟੀਚਿਊਟ ਆਫ ਸਟੇਟ ਕੌਂਸਲ ਵੱਲੋਂ ਹੁੰਦਾ ਸੀ। ਹੁਣ ਇਸ ਨੂੰ ਸਿਸਟਮ 'ਚੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਕਾਰਨ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਹੋਰ ਕੌਮੀ ਹਥਿਆਰਬੰਦ ਫੋਰਸਾਂ ਪੂਰੀ ਤਰ੍ਹਾਂ ਪਾਰਟੀ ਦੇ ਕੰਟਰੋਲ 'ਚ ਆ ਗਈਆਂ ਹਨ। ਇਹ ਟਰੂਪਸ ਚੀਨ ਦੀ ਭਾਰਤ ਨਾਲ ਲੱਗਦੀ ਸਰਹੱਦ 'ਤੇ ਹੀ ਮੁੱਖ ਰੂਪ ਨਾਲ ਤਾਇਨਾਤ ਹਨ।


Related News