ਖੁੱਲ੍ਹੇ ਪਲਾਟਾਂ ''ਚ ਗੰਦਗੀ ਦੇ ਲੱਗੇ ਢੇਰ, ਵਾਰਡ ਵਾਸੀਆਂ ਨੂੰ ਸਾਹ ਲੈਣਾ ਹੋਇਆ ਔਖਾ

03/22/2018 6:03:18 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਪੁਰਾਣੀ ਗੈਸ ਏਜੰਸੀ ਰੋਡ ਤੇ ਖਾਲੀ ਪਲਾਟਾਂ 'ਚ ਗੰਦਗੀ ਦੇ ਵੱਡੇ ਵੱਡੇ ਢੇਰ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਮੁਹੱਲੇ ਦੀਆਂ ਔਰਤਾਂ ਨੇ ਇਸ ਗੰਦਗੀ ਖਿਲਾਫ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਇਸ ਕੂੜੇ ਤੋਂ ਫੈਲੀ ਗੰਦੀ ਬਦਬੂ 'ਚ ਜਿਊਣ ਲਈ ਉਹ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਟਾਂ 'ਚ ਪੂਰੇ ਸ਼ਹਿਰ ਦਾ ਕੂੜਾ ਕਰਕਟ ਲਿਆ ਕੇ ਸੁੱਟ ਦਿੱਤਾ ਜਾਂਦਾ ਹੈ,ਜਿਸ ਨਾਲ ਗੰਦਗੀ ਦੇ ਵੱਡੇ ਵੱਡੇ ਢੇਰ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਗੰਦਗੀ ਦੇ ਢੇਰ ਦੇਖ ਕੇ ਹਰ ਰੋਜ਼ ਇਥੇ ਪੋਲੀਥੀਨ, ਤਾਰਾਂ ਆਦਿ ਵੀ ਲਿਆ ਕੇ ਜਲਾ ਦਿੱਤੀਆਂ ਜਾਂਦੀਆਂ ਹਨ, ਜਿਸ ਤੋਂ ਉਠਦੇ ਗੰਦੇ ਧੂਏ ਕਾਰਨ ਆਉਣ ਜਾਣ ਵਾਲੇ ਲੋਕਾਂ ਅਤੇ ਨਜ਼ਦੀਕ ਵਸਨੀਕਾਂ ਨੂੰ ਸਾਹ ਲੈਣਾ ਵੀ ਔਖਾਂ ਹੋ ਜਾਂਦਾ ਹੈ। ਇਨ੍ਹਾਂ ਗੰਦਗੀ ਦੇ ਢੇਰਾਂ 'ਤੇ ਰੋਜ਼ਾਨਾਂ ਅਵਾਰਾ ਪਸ਼ੂ ਅਤੇ ਹੋਰ ਜਾਨਵਰਾਂ ਦਾ ਵੀ ਤਾਂਤਾ ਲਗਿਆ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਗੰਦਗੀ ਦੇ ਢੇਰਾ ਕਰਕੇ ਕਈ ਘਾਤਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਵਾਰਡ ਵਾਸੀਆਂ ਨੇ ਐੱਸ.ਡੀ. ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ ਨੂੰ ਮੰਗ ਕੀਤੀ ਕਿ ਇਨ੍ਹਾਂ ਗੰਦਗੀ ਦੇ ਢੇਰਾ ਨੂੰ ਚੁਕਵਾਇਆ ਜਾਵੇ ਅਤੇ ਇਨ੍ਹਾਂ ਪਲਾਟਾਂ ਦੇ ਮਾਲਕਾਂ ਤੋਂ ਚਾਰਦਿਵਾਰੀ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਗੰਦਗੀ ਦੇ ਢੇਰ ਨਾ ਲੱਗ ਸਕਣ। ਉਨ੍ਹਾਂ ਕਿਹਾ ਕਿ ਇਸ ਰੋਡ 'ਤੇ ਕੂੜੇਦਾਨ ਵੀ ਸਥਾਪਿਤ ਕਰਵਾਏ ਜਾਣ। ਇਸ ਮੌਕੇ ਸਮੂਹ ਨਜਦੀਕੀ ਔਰਤਾਂ ਸ਼ਾਮਲ ਸਨ।


Related News