ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਕੀਤਾ ਜੇਲ ਦਾ ਨਿਰੀਖਣ

03/22/2018 5:43:38 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਿੰਗ ਜੱਜ ਜਸਟਿਸ ਰਮਿੰਦਰਾ ਜੈਨ ਵਲੋਂ ਸਥਾਨਕ ਅਦਾਲਤਾਂ ਦੇ ਨਿਰੀਖਣ ਕਰਨ ਤੋਂ ਬਾਅਦ ਪਿੰਡ ਬੁੜ੍ਹਾਗੁਜਰ ਸਥਿਤ ਸੁਧਾਰ ਘਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਕੈਦੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਗਹਿਰਾਈ ਨਾਲ ਨਿਰੀਖਣ ਕੀਤਾ। ਇਸ ਸਮੇਂ ਜ਼ਿਲਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸ਼ਅਲ ਮੈਜਿਸਟ੍ਰੇਟ ਮੈਡਮ ਹਰਗੁਰਜੀਤ ਕੌਰ, ਏ. ਡੀ. ਸੀ. ਵਿਕਾਸ ਹਰਿੰਦਰ ਸਿੰਘ ਸਰਾਂ, ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਇਸ ਮੌਕੇ ਉਨ੍ਹਾਂ ਦੇ ਨਾਲ ਸਨ। 
ਇਸ ਦੇ ਨਾਲ ਹੀ ਜਸਟਿਸ ਜੈਨ ਨੇ ਕੈਦੀਆਂ ਦੀਆਂ ਬੈਰਕਾਂ, ਉਨ੍ਹਾਂ ਦੇ ਰਹਿਣ ਸਹਿਣ, ਮੈਡੀਕਲ ਸਹੂਲਤਾਂ, ਰਸੋਈ ਅਤੇ ਖਾਣੇ ਦੀ ਚੈਕਿੰਗ ਦੇ ਨਾਲ-ਨਾਲ ਕੈਦੀਆਂ ਦੀਆਂ ਪੇਸ਼ੀਆਂ ਦੇ ਰਿਕਾਰਡ ਨੂੰ ਚੈੱਕ ਕੀਤਾ। ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇਲ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ ਦੇ ਨਾਲ-ਨਾਲ ਕੈਦੀਆਂ ਪ੍ਰਤੀ ਮਾਨਵੀ ਰਵੱਈਆ ਰੱਖਿਆ ਜਾਣਾ ਚਾਹੀਦਾ ਹੈ। ਭਾਵੇਂ ਮੁਜ਼ਰਿਮਾਂ ਨੂੰ ਜੇਲਾਂ ਵਿਚ ਸਜ਼ਾ ਦੇਣ ਲਈ ਰੱਖਿਆ ਜਾਂਦਾ ਹੈ ਪਰ ਉਨ੍ਹਾਂ ਦੇ ਮਨੁੱਖੀ ਤੇ ਕਾਨੂੰਨੀ ਅਧਿਕਾਰਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਕੈਦੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਨ ਲਈ ਕੈਦੀਆਂ ਅਤੇ ਜੇਲ ਅਧਿਕਾਰੀਆਂ ਦੇ ਨਾਲ ਸੁਧਾਰ ਘਰ 'ਚ ਬੂਟੇ ਲਗਾਏ। ਕੈਦੀਆਂ ਨੇ ਜਸਟਿਸ ਰਮਿੰਦਰ ਜੈਨ ਦੇ ਧਿਆਨ 'ਚ ਲਿਆਂਦਾ ਕਿ ਜ਼ਿਲਾ ਜੱਜ ਕਿਸ਼ੋਰ ਕੁਮਾਰ ਹਰ ਮਹੀਨੇ ਜੇਲ 'ਚ ਆ ਕੇ ਨਿੱਜੀ ਤੌਰ 'ਤੇ ਕੈਦੀਆਂ ਨੂੰ ਮਿਲਦੇ ਹਨ। ਜਸਟਿਸ ਜੈਨ ਨੇ ਜੇਲ ਅਧਿਕਾਰੀਆਂ ਅਤੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਬਿਮਾਰ ਕੈਦੀਆਂ ਦੇ ਇਲਾਜ ਅਤੇ ਕਾਨੂੰਨੀ ਸਹਾਇਤਾ 'ਚ ਢਿੱਲ ਨਾ ਵਰਤੀ ਜਾਵੇ। ਇਸ ਮੌਕੇ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਤੋਂ ਇਲਾਵਾ ਜੇਲ ਸਟਾਫ ਹਾਜ਼ਰ ਸੀ।


Related News