ਮੁਕਤਸਰ ''ਚ ਜ਼ਿਲਾ ਪੱਧਰੀ ''ਯੁਵਾ ਸਸ਼ਕਤੀਕਰਨ ਸਮਾਗਮ'' ਅੱਜ

03/22/2018 5:33:30 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 'ਯੁਵਾ ਸਸ਼ਕਤੀਕਰਨ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਸਤਿਅਮ ਪੈਲੇਸ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਜ਼ਿਲਾ ਪੱਧਰੀ ਸਮਾਗਮ ਹੋਵੇਗਾ। ਜ਼ਿਲੇ ਦੀਆਂ ਬਾਕੀ ਸਬ ਡਵੀਜ਼ਨਾਂ 'ਚ ਵੀ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਜਨਰਲ  ਰਾਜਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਚ.ਐੱਸ. ਸਰਾਂ, ਐੱਸ.ਪੀ. ਜਸਪਾਲ, ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ ਆਦਿ ਨੇ ਇਸ ਮੌਕੇ ਕੀਤੀਆਂ ਤਿਆਰੀਆਂ ਦਾ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ।  
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਲੋਕਾਂ ਨੂੰ ਸਿੱਧੇ ਪ੍ਰਸਾਰਣ ਰਾਹੀਂ ਖਟਕੜ ਕਲਾਂ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਇਕੱਤਰ ਡੇਪੋ ਵਲੰਟੀਅਰਾਂ, ਨੌਜਵਾਨਾਂ ਅਤੇ ਅਗਾਂਹਵਧੂ ਨਾਗਰਿਕਾਂ ਨੂੰ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਸਹੁੰ ਚੁਕਾਈ ਜਾਵੇਗੀ। ਜ਼ਿਲੇ 'ਚ ਵੱਡੀ ਪੱਧਰ 'ਤੇ ਨੌਜਵਾਨ ਇਸ ਮੁਹਿੰਮ ਨਾਲ ਜੁੜ ਰਹੇ ਹਨ। ਹੁਣ ਤੱਕ ਜ਼ਿਲੇ 'ਚ 11000 ਲੋਕਾਂ ਨੇ ਡੈਪੋ ਬਣਨ ਲਈ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਲਈ ਹੈ, ਜਦ ਕਿ 23 ਮਾਰਚ ਨੂੰ ਸਮਾਗਮ ਵਾਲੀ ਥਾਂ 'ਤੇ ਵੀ ਮੌਕੇ 'ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ।


Related News