ਨਾਸੂਰ

03/22/2018 5:22:50 PM

ਇਕ ਵਾਰ ਫਿਰ ਦਿਮਾਗ ਦੀਆਂ ਨਾੜਾਂ ਵਿਚ ਭਾਂਬੜ ਮੱਚ ਉਠਇਆ ਤੇ ਸਿਰ ਦਾ ਮੂਹਰਲਾ ਹਿੱਸਾ ਕੁਝ ਦੇਰ ਲਈ ਸੁੰਨ ਹੋ ਗਿਆ। ਦਵਾਈ ਵੀ ਬੇ-ਅਸਰ ਸਾਬਿਤ ਹੋਈ। ਚੰਡੀਗੜ੍ਹ ਤੋਂ ਬਠਿੰਡੇ ਤੱਕ ਦਾ ਇਹ ਸਾਲ-ਛਿਮਾਹੀ ਵਾਲਾ ਸਫਰ ਇਸ ਵਾਰ ਫਿਰ ਗਮਗੀਨ ਹੋ ਗਿਆ, ਜਦ ਬੱਸ ਪਟਿਆਲੇ ਬੱਸ ਸਟੈਂਡ ਆ ਖਲੋਤੀ। ਪਟਿਆਲੇ ਸ਼ਹਿਰ ਨਾਲ ਡੂੰਘਾ ਲਗਾਵ ਪ੍ਰੀਤ ਲਈ ਹੁਣ ਕੇਵਲ ਨਾਂ-ਮਾਤਰ ਹੀ ਰਹਿ ਗਿਆ ਸੀ। ਚਾਰ ਵਰੇ ਪਹਿਲਾਂ, ਅਠਾਰਾਂ ਦੀ ਕੱਚੀ ਉਮਰ ਦਾ ਭੇਦ ਹਲੇ ਤਾਂਈ ਭੇਦ ਈ ਬਣਿਆ ਹੋਇਆ ਸੀ। ਸਿਵਾਏ ਆਪਣੇ ਪੱਕੇ ਮਿੱਤਰ ਤੋਂ। ਅਤੇ ਇਕ ਹੋਰ ਸ਼ਖਸ ਜਿਸਦਾ ਨਾਂ ਸ਼ਾਇਦ ਪ੍ਰਭ ਸੀ, ਤੇ ਕਾਰਨ ਵੀ ਇਹੋ ਸੀ ਪ੍ਰੀਤ ਦੇ ਦਿਮਾਗ ਨੂੰ ਸੁੰਨ ਕਰਨ ਦਾ। ਚਾਰ ਸਾਲ ਪਹਿਲਾਂ ਮਾਮੂਲੀ ਜਿਹੀ ਜਾਣ-ਪਹਿਚਾਣ ਤੋਂ ਗੱਲ ਥੋੜੀ ਅੱਗੇ ਵਧੀ, ਪਰ ਛੇਤੀ ਹੀ ਇਸਦਾ ਅੰਤ ਹੋ ਨਿਬੜਿਆ। ਪਟਿਆਲੇ ਰਹਿੰਦੀ ਮਾਸੀ ਨੂੰ ਚਾਂਈ-ਚਾਂਈ ਮਿਲਣ ਦਾ ਕਾਰਨ ਪ੍ਰੀਤ ਨੇ ਚੰਗਾ ਘੜਿਆ ਹੋਇਆ ਸੀ, ਦਰਅਸਲ ਪ੍ਰਭ ਨੂੰ ਦੇਖਣ ਦਾ ਤੇ ਕੁਝ ਕੁ ਸਮਾਂ ਉਸ ਨਾਲ ਗੱਲਾਂ ਕਰਨ ਦਾ ਰੰਗ ਉਸਦੇ ਸਿਰ ਚੜ੍ਹ ਬੋਲਦਾ ਸੀ।ਪ੍ਰਭ ਨਾਲ ਉਸਦਾ ਮੇਲ ਆਪਣੀ ਮਸੇਰੀ ਭੈਣ ਦੇ ਕਰਕੇ ਹੀ ਤਾਂ ਹੋਇਆ ਸੀ,ਇਕੱਠੀਆਂ ਪੜ੍ਹਦੀਆਂ ਸਨ।ਗੱਲਾਂ-ਬਾਤਾਂ ਦਾ ਸਿਲਸਲਾ ਕੁਝ ਮਹੀਨੇ ਹੀ ਚੱਲਿਆ। ਉਨੀਂ ਦਿਨੀ ਮੋਬਾਇਲ ਫੋਨ ਹਲੇ ਨਵੇਂ-ਨਵੇਂ ਆਏ ਸਨ ਤੇ ਮੈਸੇਜ ਭੇਜਣਾ ਬੜੀ ਦਲੇਰੀ ਵਾਲਾ ਕੰਮ ਜਾਪਦਾ ਸੀ। ਪ੍ਰੀਤ ਤੇ ਪ੍ਰਭ ਦਾ ਕੱਚੀ ਉਮਰ ਵਾਲਾ ਪਿਆਰ ਵੀ ਮੋਬਾਇਲ ਦੀ ਚੰਦਰੀ ਸ਼ੈਅ ਨੇ ਖਤਮ ਕਰ ਮਾਰਿਆ, ਜਦ ਮੋਬਾਇਲ ਕਿਵੇਂ ਨਾ ਕਿਵੇਂ ਪ੍ਰਭ ਦੇ ਘਰਦਿਆਂ ਹੱਥ ਲੱਗ ਗਿਆ।

ਪਰ ਇੱਧਰ ਆਪਣੀ ਮਸੇਰੀ ਭੈਣ ਦੇ ਮੂੰਹੋਂ ਪ੍ਰੀਤ ਨੂ ਕੁਝ ਹੋਰ ਈ ਸੁਨਣ ਨੂੰ ਮਿਲਿਆ ਕਿ, “ਪ੍ਰਭ ਦੀ ਮੰਗਣੀ ਹੋ ਗਈ ਹੈ ਤੇ ਉਹ ਵੀ ਆਪਣੀ ਮੰਗੇਤਰ ਨੂੰ ਪਸੰਦ ਕਰਦੀ ਹੈ, ਜਿਸਨੂੰ ਉਹ ਬੜੇ ਚਿਰਾਂ ਤੋਂ ਜਾਣਦੀ ਹੈ!'' ਇਸ ਗੱਲ ਦੀ ਪੁਸ਼ਟੀ ਕਰਨ ਤੇ ਮਸੇਰੀ ਭੈਣ ਨੇ ਗੱਲ ਨੂੰ ਆਪਣੇ ਤਰੀਕੇ ਨਾਲ ਗੋਲ-ਮੋਲ ਕਰਤਾ ਤੇ ਪ੍ਰੀਤ ਵੀ ਇਸ ਚੀਜ਼ ਨੂੰ ਬੜੇ ਸਹਿਜੇ ਸਮਝ ਗਿਆ ਕਿ ਉਹ ਆਪਣੀ ਸਹੇਲੀ ਦਾ ਪੱਖ ਪੂਰ ਰਹੀ ਹੈ। ਅੱਜ ਚਾਰ ਸਾਲ ਬਾਅਦ ਮਸੇਰੀ ਭੈਣ ਦੇ ਕਹੇ ਬੋਲ ਉਸਦੇ ਦਿਮਾਗ ਵਿੱਚ ਲਗਾਤਾਰ ਇਕ ਲੰਮੀ ਰੀਲ ਦੀ ਤਰ੍ਹਾਂ ਚੱਲ ਰਹੇ ਸਨ,   ਰੁਕਣ ਦਾ ਨਾਮ ਹੀ ਨਹੀਂ ਸਨ ਲੈ ਰਹੇ। ਬੱਸ ਭਵਾਨੀਗੜ੍ਹ ਕੁਝ ਕੁ ਸਮਾਂ ਖੜ੍ਹਨ ਤੋਂ ਬਾਅਦ ਮੰਜ਼ਿਲ ਵੱਲ ਨੂੰ ਹੋ ਤੁਰੀ। ਬੱਸ ਦਾ ਕੰਡਕਟਰ ਸੰਘ ਪਾੜਦਾ ਰਹਿ ਗਿਆ ਵੀ “ਭਵਾਨੀਗੜ੍ਹ ਆਲੇ ਉਤਰ ਜੋ, ਬੈਠਾ ਨਾ ਰਹਿ ਜੇ ਕੋਈ!“ ਪਰ ਇਕੋ-ਇਕ ਸਵਾਰੀ ਜਿਸਨੇ ਉਤਰਨਾ ਸੀ, ਕੰਨਾਂ ਵਿਚ ਗਾਣਿਆ ਵਾਲੀਆਂ ਡੰਡੀਆ ਪਾਈ ਮਸਤ ਹੋਈ ਬੈਠੀ ਸੀ। ਪਰ ਕੰਡਕਟਰ ਨੇ ਸਿਆਣਪ ਵਰਤਦਿਆਂ ਥੋੜਾ ਅੱਗੇ ਜਾ ਕੇ ਉਸਨੂੰ ਉਤਾਰ ਦਿੱਤਾ। ਇਹ ਤਮਾਸ਼ਾ ਦੇਖ ਰਹੀਆਂ ਸਵਾਰੀਆਂ ਦੇ ਹੱਸਣ ਦਾ ਕੋਈ ਟਿਕਾਣਾ ਨਾ ਰਿਹਾ। ਇੱਧਰ ਪ੍ਰੀਤ ਵੀ ਅੱਲੇ ਜਖਮਾਂ ਤੋਂ ਧਿਆਨ ਹਟਾ ਕੇ ਜ਼ਰਾ ਕੁ ਖਿੜਖਿੜ ਆਇਆ।

ਪਰ ਛੇਤੀ ਉਸਦਾ ਆਪਣਾ ਅੰਦਰਲਾ ਮਾਹੌਲ ਜਿਉਂ ਦਾ ਤਿਉਂ ਬਣ ਗਿਆ, ਪਰ ਬਾਕੀ ਦੇ ਲੰਮਾ ਚਿਰ ਹੱਸਦੇ ਰਹੇ। ਪ੍ਰੀਤ ਦੇ ਸਨਕੀ ਜਿਹੇ ਦਿਮਾਗ ਲਈ ਇਹ ਨਾਸੂਰ ਝੱਲ ਪਾਉਣਾ ਕੁਝ ਔਖਾ ਹੋ ਰਿਹਾ ਸੀ। ਉਨਾਂ ਬੋਲਾਂ ਤੋ ਇਲਾਵਾ ਇਕ ਕਾਰਨ ਇਹ ਵੀ ਸੀ ਕਿ ਉਸਨੇ ਦੁਬਾਰਾ ਪ੍ਰਭ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਇਹ ਜਾਣਦੇ ਹੋਏ ਵੀ ਕਿ ਉਸ ਉਮਰ ਉਸਦੇ ਲਈ ਇਹ ਕਦਮ ਚੁੱਕਣਾ ਅਤੀ ਕਠਿਨ ਸੀ, ਪਰ ਫਿਰ ਵੀ ਆਪਣੇ ਆਪ ਨੂੰ ਲਗਾਤਾਰ ਕੋਸਦਾ ਰਿਹਾ। ਚੰਡੀਗੜ੍ਹ ਜਾਣ-ਆਉਣ ਦਾ ਸਫਰ ਜਿੱਥੇ ਬਾਕੀ ਨੌਜਵਾਨਾਂ ਲਈ ਬੜ੍ਹਾ ਹੀ ਉਤਸ਼ਾਹ ਭਰਪੂਰ ਹੁੰਦਾ ਹੈ, ਪਰ ਪ੍ਰੀਤ ਲਈ ਉਨਾਂ ਹੀ ਦੁਖਦਾਈ। ਜਿਉਂ-ਜਿਉਂ ਬੱਸ ਚੰਡੀਗੜ੍ਹੋ ਪਟਿਆਲੇ ਤੀਕ ਪਹੁੰਚਦੀ, ਉਸਦਾ ਦਿਮਾਗ ਸੁੰਨ ਹੁੰਦਾ ਜਾਦਾਂ। ਪਰ ਜਿਉਂ ਬੱਸ ਬਠਿੰਡੇ ਵੱਲ ਕੂਚ ਕਰਦੀ, ਇਹ ਸਭ ਕੁਝ ਹੱਦ ਤੱਕ ਸ਼ਾਂਤ ਹੁੰਦਾ ਜਾਂਦਾ। ਸਾਲ 'ਚ ਚਾਰ-ਪੰਜ ਵਾਰ ਦਫਤਰੀ ਕੰਮ ਦੇ ਬਾਬਤ ਉਸਨੂੰ ਰਾਜਧਾਨੀ ਸ਼ਹਿਰ ਜਾਣਾ ਪੈਂਦਾ ਸੀ, ਹਰ ਵਾਰ ਇਹ ਡੂੰਘੀ ਸੱਟ ਉਸਨੂੰ ਅੰਤਾਂ ਦਾ ਪ੍ਰੇਸ਼ਾਨ ਕਰਿਆ ਕਰਦੀ। ਤੇ ਇਹ ਨਾਸੂਰ ਹੋਰ ਪੱਕਦਾ ਜਾਂਦਾ। ਉਸਦੇ ਦੁੱਖੀ ਹੋਣ ਦਾ ਮੁੱਖ ਕਾਰਨ ਇਹੋ ਸੀ ਕਿ ਉਸਨੂੰ ਅਜੇ ਤੱਕ ਸਵਾਲਾਂ ਦੇ ਜਵਾਬ ਨਹੀਂ ਸਨ ਮਿਲੇ ਕਿ ਆਖਿਰ ਸੱਚ ਸੀ ਕੀ। ਕੀ ਪ੍ਰਭ ਨੇ ਉਸ ਨਾਲ ਦਗਾ ਕੀਤਾ ਜਾਂ ਘਰਦਿਆਂ ਦੇ ਜ਼ੋਰ ਪਾਉਣ ਤੇ ਇਹ ਸਭ ਹੋਇਆ। ਮਸੇਰੀ ਭੈਣ ਦਾ ਰਵੱਈਆ ਉਸਦੀ ਸਨਕੀ ਮੱਤ ਲਈ ਇਕ ਬੁਰੇ ਸੁਪਨੇ ਵਾਂਗ ਨਾ ਭੁੱਲਣ ਵਾਲਾ ਸੀ। ਪਰ ਹੁਣ ਸ਼ਾਹੀ ਸ਼ਹਿਰ ਦੇ ਲਗਾਵ ਨੇ ਨਾਸੂਰ ਦਾ ਰੂਪ ਧਾਰ ਲਿਆ ਸੀ, ਜਿਹੜਾ ਉਸਨੂੰ ਸ਼ਹਿਰ-ਏ-ਮੁਹੱਬਤ 'ਚ ਪੈਰ ਪੁੱਟਣ ਦਾ ਹੌਂਸਲਾ ਨਹੀਂ ਸੀ ਦੇ ਸਕਦਾ।

ਦਰਸ਼ਪ੍ਰੀਤ ਸਿੰਘ 'ਗੁਮਨਾਮ'
ਬਠਿੰਡਾ
ਮੋ. 73551-58685


Related News