ਪੰਜਾਬ ਗ੍ਰਾਮੀਣ ਬੈਂਕ ''ਚੋਂ ਚੋਰੀ ਕਰਨ ਦੀ ਕੋਸ਼ਿਸ਼ ਰਹੀ ਨਾਕਾਮ

03/22/2018 5:01:23 PM

ਮੋਗਾ (ਆਜ਼ਾਦ) - ਬੀਤੀ ਦੇਰ ਰਾਤ ਚੋਰਾਂ ਵੱਲੋਂ ਬਾਘਾਪੁਰਾਣਾ ਦੇ ਨੇੜਲੇ ਪਿੰਡ ਥਰਾਜ ਦੀ ਪੰਜਾਬ ਗ੍ਰਾਮੀਣ ਬੈਂਕ ਦੀ ਕੰਧ ਨੂੰ ਸੰਨ੍ਹ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਬੈਂਕ ਮੈਨੇਜਰ ਤਰੁਣ ਗੋਇਲ ਨਿਵਾਸੀ ਵੇਦਾਂਤ ਨਗਰ ਮੋਗਾ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ 12.05 ਵਜੇ ਉਨ੍ਹਾਂ ਨੂੰ ਬੈਂਕ 'ਚ ਲੱਗੇ ਸੇਫਟੀ ਸਿਸਟਮ ਤੋਂ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਆਏ ਮੈਸੇਜ ਨੇ ਬੈਂਕ ਨਾਲ ਛੇੜ-ਛਾੜ ਹੋਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਤੁਰੰਤ ਪਿੰਡ ਦੇ ਕੁੱਝ ਮੋਹਤਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਲਗਣ 'ਤੇ ਲੋਕ ਬੈਂਕ ਕੋਲ ਪਹੁੰਚੇ ਗਏ। ਲੋਕਾਂ ਨੂੰ ਦੇਖਦਿਆਂ ਸਾਰ ਅਣਪਛਾਤੇ ਚੋਰ, ਜੋ ਬੈਂਕ ਦੀ ਪਿਛਲੀ ਕੰਧ 'ਚ ਸੰਨ੍ਹ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਥੋਂ ਭੱਜ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਹੌਲਦਾਰ ਅਮਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਕਿਹਾ ਕਿ ਉਹ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਮਿਲ ਸਕੇ।


Related News