ਮੌਸਮੀ ਬੀਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਤਿਆਰੀਆਂ ਆਰੰਭੀਆਂ

03/22/2018 4:55:01 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਆਗਾਮੀ ਗਰਮੀ ਰੁੱਤ ਦੌਰਾਨ ਮੌਸਮੀ ਬੀਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਸਮੇਤ ਸਾਰੇ ਵਿਭਾਗਾਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸ ਸਬੰਧ 'ਚ ਵੀਰਵਾਰ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਅਗੇਤੇ ਪ੍ਰਬੰਧ ਕਰਨ ਤਾਂ ਜੋ ਮੌਸਮੀ ਬੀਮਾਰੀਆਂ ਨੂੰ ਫੈਲਣ ਤੋਂ ਪਹਿਲਾ ਹੀ ਰੋਕਿਆ ਜਾ ਸਕੇ। ਉਨ੍ਹਾਂ ਨੇ ਨਗਰ ਕੌਂਸਲਾਂ ਅਤੇ ਪੰਚਾਇਤ ਵਿਭਾਗਾਂ ਨੂੰ ਸਾਫ-ਸਫਾਈ ਦੇ ਪ੍ਰਬੰਧ ਕਰਨ ਲਈ ਕਿਹਾ। ਇਸੇ ਤਰ੍ਹਾਂ ਡੇਂਗੂ ਪ੍ਰਤੀ ਸੰਵੇਦਨਸ਼ੀਲ ਇਲਾਕਿਆਂ 'ਚ ਵਿਸ਼ੇਸ਼ ਚੌਕਸੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ। ਉਨ੍ਹਾਂ ਨੇ ਬੈਠਕ 'ਚ ਗੈਰ ਹਾਜ਼ਰ ਅਧਿਕਾਰੀਆਂ ਬਾਰੇ ਕਿਹਾ ਕਿ ਅਜਿਹੇ ਅਧਿਕਾਰੀਆਂ ਦੇ ਮੁੱਖ ਦਫਤਰ ਨੂੰ ਇਸ ਦੀ ਸੂਚਨਾ ਭੇਜੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੌਸਮੀ ਬੀਮਾਰੀਆਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਿਵਲ ਹਸਪਤਾਲਾਂ 'ਚ ਡੇਂਗੂ ਵਾਰਡ ਬਣਾਏ ਗਏ ਹਨ। 
ਡਾ. ਬਿਕਰਮ ਨੇ ਇਸ ਮੌਕੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਦੇ ਪਲਦਾ ਹੈ, ਇਸ ਲਈ ਇਸ ਦੇ ਫੈਲਾਓ ਨੂੰ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਆਬਾਦੀ ਖੇਤਰ ਦੇ ਆਸਪਾਸ ਪਾਣੀ ਖੜ੍ਹਾ ਨਾ ਹੋਵੇ। ਬੈਠਕ 'ਚ ਹੋਰਨਾਂ ਤੋਂ ਇਲਾਵਾ ਡੀ. ਐੱਸ. ਪੀ. ਗੁਰਜੀਤ ਸਿੰਘ, ਜਸਮੀਤ ਸਿੰਘ, ਡੀ. ਐੱਮ. ਸੀ. ਡਾ. ਸਤੀਸ਼ ਗੋਇਲ ਆਦਿ ਵੀ ਹਾਜ਼ਰ ਸਨ।


Related News