ਪਾਕਿ ਡਿਪਲੋਮੈਟ ਸੁਹੈਲ ਮਹਿਮੂਦ ਜਲਦ ਪਰਤਣਗੇ ਭਾਰਤ

03/22/2018 3:39:40 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਡਿਪਲੋਮੈਟ ਸੁਹੈਲ ਮਹਿਮੂਦ ਜਲਦੀ ਹੀ ਭਾਰਤ ਪਰਤਣਗੇ। ਦੱਸਣਯੋਗ ਹੈ ਕਿ ਬੀਤੇ ਹਫਤੇ ਪਾਕਿਸਤਾਨ ਨੇ ਭਾਰਤ 'ਤੇ ਆਪਣੇ ਡਿਪਲੋਮੈਟਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਮਹਿਮੂਦ ਨੂੰ ਵਾਪਸ ਬੁਲਾ ਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਮੂਦ 23 ਮਾਰਚ ਨੂੰ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਵਿਚ 'ਪਾਕਿਸਤਾਨ ਨੈਸ਼ਨਲ ਡੇਅ' ਦਾ ਸ਼ੁੱਕਰਵਾਰ ਨੂੰ ਆਯੋਜਨ ਕਰਨਗੇ। 15 ਮਾਰਚ ਨੂੰ ਪਾਕਿਸਤਾਨ ਨੇ ਮਹਿਮੂਦ ਨੂੰ ਇਸਲਾਮਾਬਾਦ ਵਾਪਸ ਬੁਲਾ ਲਿਆ ਸੀ। ਪਾਕਿਸਤਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਕ ਮੀਟਿੰਗ ਲਈ ਵਾਪਸ ਬੁਲਾਇਆ ਗਿਆ ਹੈ। ਗੌਰਤਲਬ ਹੈ ਕਿ ਪਾਕਿਸਤਾਨ ਨੇ ਦੋਸ਼ ਲਗਾਇਆ ਸੀ ਕਿ ਭਾਰਤ ਵਿਚ ਪਾਕਿਸਤਾਨ ਦੇ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਹੈ। ਭਾਰਤ ਨਾਲ ਗੱਲਬਾਤ ਵਿਚ ਕੋਈ ਹੱਲ ਨਾ ਨਿਕਲਣ ਕਾਰਨ ਪਾਕਿਸਤਾਨ ਨੇ ਆਪਣੇ ਡਿਪਲੋਮੈਟ ਸੁਹੈਲ ਮਹਿਮੂਦ ਨੂੰ ਵਾਪਸ ਬੁਲਾ ਲਿਆ ਸੀ। ਉੱਧਰ ਭਾਰਤ ਵੱਲੋਂ ਵੀ ਪਾਕਿਸਤਾਨ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।


Related News