ਕ੍ਰਾਂਤੀਕਾਰੀ ਪੇਂਡੂ ਯੂਨੀਅਨ ਵੱਲੋਂ ਨਾਅਰੇਬਾਜ਼ੀ

03/22/2018 2:40:43 PM

ਸੁਨਾਮ, ਊਧਮ ਸਿੰਘ ਵਾਲਾ (ਮੰਗਲਾ)-ਕ੍ਰਾਂਤੀਕਾਰੀ ਪੇਂਡੂ ਯੂਨੀਅਨ ਵੱਲੋਂ ਬੀ. ਡੀ. ਪੀ. ਓ. ਦਫਤਰ ਸੁਨਾਮ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਖਿਲਾਫ ਹੋ ਰਹੇ ਵਿਤਕਰੇਬਾਜ਼ੀ ਖਿਲਾਫ ਨਾਅਰੇਬਾਜ਼ੀ ਕਰ ਕੇ ਧਰਨਾ ਲਾਇਆ ਗਿਆ। ਧਰਨੇ 'ਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ। ਮਨਰੇਗਾ ਸਬੰਧੀ ਹੋ ਰਹੀ ਵਿਤਕਰੇਬਾਜ਼ੀ, ਕੰਮ ਨਾ ਦੇਣ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲਾ ਆਗੂ ਜਗਦੀਪ ਸਿੰਘ ਕਾਲਾ, ਧਰਮਪਾਲ ਸਿੰਘ, ਬਿਮਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਨਾਲ ਸ਼ਰੇਆਮ ਬੇਇਨਸਾਫੀ ਹੋ ਰਹੀ ਹੈ, 100 ਦਿਨ ਕੰਮ ਤਾਂ ਬੜੀ ਦੂਰ ਦੀ ਗੱਲ ਹੈ, ਕੋਈ ਬੇਰੁਜ਼ਗਾਰੀ ਭੱਤਾ ਨਹੀਂ ਮਿਲਦਾ। 
ਜ਼ਿਕਰਯੋਗ ਹੈ ਕਿ ਮਨਰੇਗਾ ਮਜ਼ਦੂਰਾਂ ਦਾ ਬਕਾਇਆ ਵੀ ਜਾਰੀ ਨਹੀਂ ਹੋ ਰਿਹਾ ਹੈ। ਅੱਜ ਦੇ ਧਰਨੇ ਨੇ ਪੰਜਾਬ ਸਰਕਾਰ ਦੇ ਕਰਵਾਏ ਸਰਵੇਖਣ ਜੋ ਕਿ ਝੂਠ ਦਾ ਪੁਲੰਦਾ ਹੈ, ਜਿਸ 'ਚ ਦੱਸਿਆ ਗਿਆ ਕਿ 6 ਲੱਖ ਪਰਿਵਾਰਾਂ ਨੂੰ ਮਨਰੇਗਾ ਤਹਿਤ ਕੰਮ ਦੀ ਕੋਈ ਲੋੜ ਨਹੀ ਹੈ, ਇਸ ਲੋਕ ਵਿਰੋਧੀ ਨਿਰਾਧਾਰਤ ਸਰਵੇਖਣ ਦੀ ਜਥੇਬੰਦੀ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਥੇ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੈ। ਅੱਜ ਦੇ ਧਰਨੇ 'ਚ ਖਡਿਆਲ, ਬਿਗੜਵਾਲ, ਸਤੋਜ ਦੇ ਮਜ਼ਦੂਰ ਸ਼ਾਮਲ ਸਨ ।  ਧਰਨੇ ਨੂੰ ਉਪਰੋਕਤ ਤੋਂ ਇਲਾਵਾ ਪਿੰਡ ਖਡਿਆਲ ਤੋਂ ਮੇਘ ਸਿੰਘ, ਬਲਕਾਰ ਸਿੰਘ, ਮੁਖਤਿਆਰ ਕੌਰ, ਸਤੋਜ ਤੋਂ ਬਲਜੀਤ ਕੌਰ, ਬਿਗੜਵਾਲ ਤੋਂ ਦਰਸ਼ਨ ਸਿੰਘ, ਮਹਿਲਾ ਦੇ ਪ੍ਰਧਾਨ ਚਾਨਣ ਸਿੰਘ, ਉਪ ਪ੍ਰਧਾਨ ਜਗਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।


Related News