ਬਿਨਾ ਕਿਸੇ ਜਾਣਕਾਰੀ ਦੇ ਕੁਕਿੰਗ ਕਰਨਾ ਲੜਕੀਆਂ ਨੂੰ ਪਿਆ ਭਾਰੀ, ਲੱਗੀ ਅੱਗ

03/22/2018 2:37:03 PM

ਰੋਮ (ਬਿਊਰੋ)— ਕਿਸੇ ਨੇ ਸਹੀ ਕਿਹਾ ਹੈ ਕਿ ਕੁਕਿੰਗ ਕਰਨਾ ਵੀ ਇਕ ਕਲਾ ਹੈ। ਬਿਨਾ ਕਿਸੇ ਜਾਣਕਾਰੀ ਦੇ ਕੁਕਿੰਗ ਕਰਨਾ ਜਾਨਲੇਵਾ ਹੋ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਇਟਲੀ ਵਿਚ ਰਹਿੰਦੀਆਂ ਤਿੰਨ ਵਿਦਿਆਰਥਣਾਂ ਨਾਲ ਵਾਪਰਿਆ, ਜਿਨ੍ਹਾਂ ਨੇ ਬਿਨਾ ਕਿਸੇ ਜਾਣਕਾਰੀ ਦੇ ਕੁਕਿੰਗ ਕਰਨ ਦੀ ਕੋਸ਼ਿਸ ਕੀਤੀ ਸੀ। ਅਸਲ ਵਿਚ ਇਟਲੀ ਸ਼ਹਿਰ ਵਿਚ ਪੜ੍ਹਨ ਲਈ ਗਈਆਂ ਤਿੰਨ ਅਮਰੀਕੀ ਵਿਦਿਆਰਥੀਅਣਾਂ ਨੇ ਘਰ ਵਿਚ ਖਾਣਾ ਬਣਾਉਣ ਦੀ ਯੋਜਨਾ ਬਣਾਈ। ਕਿਉਂਕਿ ਉਨ੍ਹਾਂ ਨੂੰ ਤੇਜ਼ ਭੁੱਖ ਲੱਗੀ ਹੋਈ ਸੀ ਇਸ ਲਈ ਉਨ੍ਹਾਂ ਨੇ ਕੁਝ ਅਜਿਹਾ ਬਣਾਉਣ ਦੀ ਸੋਚੀ ਜੋ ਜਲਦੀ ਬਣ ਸਕਦਾ ਹੋਵੇ। ਇਸ ਲਈ ਉਨ੍ਹਾਂ ਨੇ ਪਾਸਤਾ ਬਣਾਉਣ ਦੀ ਸੋਚੀ। 
ਤਿੰਨਾਂ ਵਿਚੋਂ ਇਕ 20 ਸਾਲਾ ਲੜਕੀ ਨੇ ਪਾਸਤਾ ਦਾ ਪੈਕੇਟ ਖੋਲ੍ਹਿਆ ਅਤੇ ਇਸ ਨੂੰ ਕੜਾਹੀ ਵਿਚ ਪਾਇਆ। ਗੈਸ ਜਲਾ ਕੇ ਇਸ ਨੂੰ ਪੱਕਣ ਲਈ ਰੱਖ ਦਿੱਤਾ ਪਰ ਇਸ ਵਿਚ ਉਹ ਬਹੁਤ ਜ਼ਰੂਰੀ ਚੀਜ਼ ਪਾਣੀ ਪਾਉਣਾ ਭੁੱਲ ਗਈਆਂ। ਬਿਨਾ ਪਾਣੀ ਦੇ ਪਾਸਤਾ ਦੀਆਂ ਸਾਰੀਆਂ ਸਟੀਕਸ ਮਿੰਟਾਂ ਵਿਚ ਸੜ ਗਈਆਂ ਅਤੇ ਕੜਾਹੀ ਵਿਚ ਅੱਗ ਲੱਗ ਗਈ। ਅੱਗ ਆਲੇ-ਦੁਆਲੇ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਬੁਝਾਈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। 
ਤਿੰਨਾਂ ਲੜਕੀਆਂ ਵਿਚੋਂ ਇਕ ਨੇ ਦੱਸਿਆ,''ਅਸੀਂ ਬਿਨਾ ਪਾਣੀ ਪਾਏ ਗੈਸ 'ਤੇ ਪਾਸਤਾ ਪੱਕਣ ਲਈ ਰੱਖ ਦਿੱਤਾ। ਸਾਨੂੰ ਲੱਗਾ ਕਿ ਇਹ ਇੰਝ ਹੀ ਬਣਾਇਆ ਜਾਂਦਾ ਹੈ।'' ਅੱਗ ਬੁਝਾਉਣ ਵਾਲੇ ਅਧਿਕਾਰੀ ਨੇ ਵੀ ਕਿਹਾ,''ਇਨ੍ਹਾਂ ਵਿਦਿਆਰਥਣਾਂ ਨੂੰ ਪਤਾ ਨਹੀਂ ਸੀ ਕਿ ਪਾਸਤਾ ਕਿਵੇਂ ਬਣਾਇਆ ਜਾਂਦਾ ਹੈ।'' ਇਸ ਘਟਨਾ ਮਗਰੋਂ ਫਲੋਰੈਂਸ ਦੇ ਇਕ ਸ਼ੈਫ ਫੈਬਿਯੋ ਪਿਕਚੀ ਨੇ ਇਨ੍ਹਾਂ ਤਿੰਨੇ ਵਿਦਿਆਰਥਣਾਂ ਨੂੰ ਮੁਫਤ ਵਿਚ ਇਟਾਲੀਅਨ ਕੁਕਿੰਗ ਕਲਾਸਾਂ ਦੇਣ ਦੀ ਗੱਲ ਕਹੀ ਹੈ।


Related News