ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਲਈ ਕ੍ਰਾਂਤੀ ਦੇ ਚਿੰਨ੍ਹ:-ਪ੍ਰੋ: ਅਵਲੋਨੇ ਜੇਨਾਰਾਰੋ

03/22/2018 1:26:28 PM

ਰੋਮ(ਕੈਂਥ)— ਇਕੱਲੇ ਭਾਰਤ ਲਈ ਹੀ ਨਹੀਂ, ਸਗੋਂ ਸਮੁੱਚੇ ਸੰਸਾਰ ਦੇ ਕ੍ਰਾਂਤੀਕਾਰੀਆਂ ਲਈ ਇਕ ਪ੍ਰੇਰਨਾ ਦਾ ਸਰੋਤ ਹਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਜਿਨ੍ਹਾਂ ਨੇ ਭਾਰਤ ਦੇ ਕੰਪਟੀ ਅਤੇ ਸ਼ੈਤਾਨ ਬਿਰਤੀ ਦੇ ਮਾਲਕ 'ਮਨੂੰ' ਦੀ ਲਿਖੀ ਹੋਈ 'ਮਨੂੰ ਸਿਮਰਤੀ' ਦੇ ਖਿਲਾਫ਼ ਅਵਾਜ਼ ਚੁੱਕੀ ਅਤੇ 'ਮਨੂੰ' ਵੱਲੋਂ ਕੀਤੀ ਗਈ ਜਾਤ-ਪਾਤ ਦੀ ਵੰਡ ਨੂੰ ਗਲਤ ਠਹਿਰਾਇਆ। ਜਿਸ ਕਰਕੇ ਭਾਰਤ ਵਿਚ ਅਜਿਹਾ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪਾੜਾ ਸ਼ੁਰੂ ਹੋਇਆ ਕਿ ਜਿਸ ਦਾ ਪ੍ਰਭਾਵ ਅਜੇ ਤੱਕ ਵੀ ਭਾਰਤ ਵਿਚ ਸਾਫ਼ ਅਤੇ ਸਪਸ਼ਟ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਇਸ ਮਹਾਨ ਰੂਹਾਨੀ ਅਤੇ ਕ੍ਰਾਂਤੀਕਾਰੀ ਗੁਰੂ ਬਾਰੇ ਜਿੰਨੀ ਕੁ ਜਾਣਕਾਰੀ ਨੈੱਟ 'ਤੇ ਉਪਲੱਬਧ ਸੀ ਅੰਗਰੇਜੀ ਵਿਚ ਉਸ ਤੋਂ ਉਨ੍ਹਾਂ ਦੇ ਜੀਵਨ ਫਲਸਫ਼ੇ ਬਾਰੇ ਜਾਣ ਸਕਿਆ ਹਾਂ ਅਤੇ ਭਾਰਤ ਦੀ ਜਾਤੀ ਗੁੰਝਲ ਨੂੰ ਹੋਰ ਸਮਝਣ ਦੀ ਵੀ ਇੱਛਾ ਹੈ, ਜਿਸ ਦੀ ਮੈਂ ਖੋਜ ਕਰਾਂਗਾ। ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਉੱਘੇ ਇਟਾਲੀਅਨ ਅਖਬਾਰਾਂ ਦੇ ਖੋਜੀ ਕਾਲਮ ਨਵੀਸ ਅਤੇ ਟੀ. ਵੀ. ਪੱਤਰਕਾਰ ਅਤੇ ਵੱਡੇ ਕੱਦ ਵਾਲੀ ਸਲੇਰਨੋ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਦੇ ਮੁੱਖੀ 'ਪ੍ਰੋ: ਅਵਲੋਨੇ ਜੇਨਾਰਾਰੋ' ਨੇ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਕਪਾਚੋ ਵੱਲੋਂ ਮਨਾਏ ਜਾ ਰਹੇ 641ਵੇਂ ਗਰੁਪੁਰਬ ਮੌਕੇ ਆਈਆਂ ਰਵਿਦਾਸੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਏ ਕਹੇ। ਉਨ੍ਹਾਂ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਜੀਵਨ ਸੰਬਧੀ ਖੋਜਕਾਰਜ਼ ਕਰਾਉਣ ਬਾਰੇ ਤਵਜੀਵ ਰੱਖਣਗੇ। ਜੇਕਰ ਇਸ ਮੰਗ ਨੂੰ ਮੇਰੀ ਯੂਨੀਵਰਸਿਟੀ ਵੱਲੋਂ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਉਹ ਆਪ ਇਸ ਪ੍ਰਾਜੈਕਟ 'ਤੇ ਕੰਮ ਕਰਨਾ ਪਸੰਦ ਕਰਨਗੇ।
ਅੱਗੇ ਉਨ੍ਹਾਂ ਕਿਹਾ ਕਿ ਅੱਜ ਇੱਥੇ ਆ ਕੇ ਉਸ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਅਤੇ ਜਲਦੀ ਹੀ ਇਟਾਲੀਅਨ ਅਖਬਾਰਾਂ ਵਿਚ ਚੱਲਦੇ ਉਸ ਦੇ ਕਾਲਮਾਂ ਵਿਚ ਵੀ ਇਸ ਦੀ ਬਾਤ ਜਰੂਰ ਪਏਗੀ ਤਾਂ ਕਿ ਇਟਾਲੀਅਨ ਲੋਕਾਂ ਨੂੰ ਵੀ ਭਾਰਤ ਦੇ ਜਾਤੀਪਾਤੀ ਸਿਸਟਮ ਅਤੇ ਕ੍ਰਾਂਤੀਕਾਰੀ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਗਰੀਬ ਸਮਾਜ ਦੀਆਂ ਗੁਲਾਮੀ ਦੀਆਂ ਜੜ੍ਹਾ ਕੱਟੀਆਂ ਅਤੇ ਅੱਜ ਵੀ ਉਨ੍ਹਾਂ ਦਾ ਸਮਾਜ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਜਿਹੇ ਵੱਡੇ ਸਮਾਗਮ ਦੂਜੇ ਦੇਸ਼ਾਂ ਵਿਚ ਬੈਠ ਕੇ ਰਚਾ ਰਿਹਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਵੀ ਉਸ ਤਰ੍ਹਾਂ ਬਸਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹੀ ਸਮਾਜ ਹੀ ਤਰੱਕੀ ਕਰਦੇ ਹਨ ਜਿਹੜੇ ਆਪਣੇ ਜੀਵਨ ਦੇ ਮਾਰਗ ਦਰਸ਼ਕਾਂ ਨੂੰ ਨਹੀ ਭੁੱਲਦੇ। ਤੁਹਾਡਾ ਆਪਣੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਰੱਖਣਾ ਇਸ ਗੱਲ ਦੀ ਗਵਾਹੀ ਹੈ ਕਿ ਤੁਸੀਂ ਅੱਗੇ ਵੱਧਣ ਵਾਲੇ ਲੋਕ ਹੋ। ਇਸ ਸਮੇਂ ਇਕ ਨਿਊਜ ਚੈਨਲ 'ਤੇ ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ । ਗੁਰੂ ਦਾ ਸ਼ਬਦ ਕੀਰਤਨ ਕਰ ਕੇ ਗੜ੍ਹ ਪਧਾਣੇ ਵਾਲੇ ਸੰਤਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਗੁਰੂਘਰ ਦੇ ਪ੍ਰਧਾਨ ਸ਼੍ਰੀ ਵਿਜੈ ਕੁਮਾਰ ਰਾਜੂ ਨੇ ਦੂਰੋਂ ਨੇੜਿਓਂ ਆਈਆਂ ਹੋਈਆਂ ਸੱਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਜਿਹੇ ਹੀ ਸਹਿਯੌਗ ਦੀ ਉਮੀਦ ਕੀਤੀ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਆਗਮਨ ਪੁਰਬ ਵਿਚ ਇਟਲੀ ਦੀਆਂ ਕਈ ਨਾਮੀ ਸਖ਼ਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ।


Related News