ਪੰਥਕ ਜਜ਼ਬੇ ਨਾਲ ਭਰਪੂਰ ਸ਼ਖਸੀਅਤਾਂ ਸਾਡੇ ਲਈ ਪ੍ਰੇਰਨਾਸਰੋਤ: ਭਾਈ ਲੌਂਗੋਵਾਲ

03/22/2018 1:25:51 PM

ਸ੍ਰੀ ਅਨੰਦਪੁਰ ਸਾਹਿਬ (ਬਾਲੀ/ ਦਲਜੀਤ/ ਵੀ. ਕੇ. ਅਰੋੜਾ)— ਪੰਥਕ ਜਜ਼ਬੇ ਨਾਲ ਭਰਪੂਰ ਸ਼ਖਸੀਅਤਾਂ ਦਾ ਜੀਵਨ ਸਾਡੇ ਲਈ ਪ੍ਰੇਰਨਾਸਰੋਤ ਹੈ। ਨੌਜਵਾਨੀ ਨੂੰ ਅਜਿਹਾ ਪੰਥਕ ਜਜ਼ਬਾ ਪੈਦਾ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੁੱਧਵਾਰ ਡਾ. ਪਰਮਜੀਤ ਸਿੰਘ ਸਰੋਆ ਵੱਲੋਂ ਲਿਖਤ ਪੰਥਕ ਸ਼ਖਸੀਅਤ ਅਤੇ ਸੁਤੰਤਰਤਾ ਸੰਗਰਾਮੀ ਗਿਆਨੀ ਗੁਰਦਿੱਤ ਸਿੰਘ ਜਲਵੇਹੜਾ ਦੀ ਸੰਖੇਪ ਜੀਵਨੀ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਦਾ ਜੀਵਨ ਪੰਥਕ ਅਤੇ ਸੰਘਰਸ਼ਮਈ ਰਿਹਾ ਹੈ। ਉਨ੍ਹਾਂ ਹਰ ਪੰਥਕ ਮੋਰਚੇ 'ਚ ਮੋਹਰਲੀ ਕਤਾਰ 'ਚ ਹੋ ਕੇ ਹਿੱਸਾ ਲਿਆ। ਉਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਵੀ ਸੇਵਾ ਕਰਦੇ ਰਹੇ ਹਨ। 
ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਅੱਜ ਦੀ ਨੌਜਵਾਨੀ ਨੂੰ ਪੰਥਕ ਜਜ਼ਬੇ ਨਾਲ ਭਰਪੂਰ ਸ਼ਖਸੀਅਤਾਂ ਦੇ ਜੀਵਨ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਉਹ ਇਸ ਤੋਂ ਪਹਿਲਾਂ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਖ਼ਸੀਅਤ 'ਤੇ ਵੀ ਕਿਤਾਬਾਂ ਲੋਕ ਅਰਪਣ ਕਰ ਚੁੱਕੇ ਹਨ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਸਾਬਕਾ ਜਨਰਲ ਸਕੱਤਰ, ਪ੍ਰਿੰਸੀਪਲ ਸੁਰਿੰਦਰ ਸਿੰਘ, ਬੀਬੀ ਰਣਜੀਤ ਕੌਰ ਮਾਹਿਲਪੁਰੀ ਮੈਂਬਰ ਸ਼੍ਰੋ. ਕਮੇਟੀ, ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਐਜੂਕੇਸ਼ਨ, ਗਿਆਨੀ ਫੂਲਾ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਪ੍ਰੋ. ਅਪਿੰਦਰ ਸਿੰਘ ਮਾਹਿਲਪੁਰ ਅਤੇ ਬੀਬੀ ਹਰਪ੍ਰੀਤ ਕੌਰ ਪ੍ਰਿੰਸੀਪਲ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਵੀ ਹਾਜ਼ਰ ਸਨ।


Related News