ਬੈਕ ਡੇਟ ''ਚ ਜਨਮ ਇੰਦਰਾਜ ਸਰਟੀਫਿਕੇਟ ਹਾਸਲ ਕਰਨ ਦਾ ਰੁਝਾਨ ਕਈ ਸਾਲਾਂ ਤੋਂ

03/22/2018 1:15:47 PM

ਭੁਲੱਥ (ਭੂਪੇਸ਼)— ਹਲਕਾ ਭੁਲੱਥ ਦੇ ਖੇਤਰ ਨਾਲ ਸਬੰਧਤ ਵਿਦੇਸ਼ਾਂ 'ਚ ਸੈਟਲ ਲੋਕ ਜਿਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਹੁੰਦੇ, ਜਦ ਉਨ੍ਹਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਇਸ ਵਿਭਾਗ ਤੋਂ ਆਸਾਨੀ ਨਾਲ ਡਾਇਰੈਕਟ ਪਿਛਲੀਆਂ ਤਰੀਕਾਂ 'ਚ ਇੰਦਰਾਜ ਕਰਕੇ ਕਪੂਰਥਲਾ ਦੇ ਏਜੰਟਾਂ ਦੀ ਮਾਰਫਤ ਮੋਟੀਆਂ ਰਕਮਾਂ ਕਥਿਤ ਮਿਲੀਭੁਗਤ ਨਾਲ ਬਟੋਰਨ ਦਾ ਸਿਲਸਿਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਜਿਸ ਦਾ ਪਿਛਲੇ ਸਮੇਂ ਸੀ. ਆਈ. ਏ. ਸਟਾਫ ਕਪੂਰਥਲਾ/ਜਲੰਧਰ ਵੱਲੋਂ ਫੜੇ ਗਏ ਇਕ ਏਜੰਟ ਰਾਹੀਂ ਖੁਲਾਸਾ ਵੀ ਹੋਇਆ ਸੀ ਪਰ ਉਹ ਪੂਰੀ ਤਹਿ ਤਕ ਕਥਿਤ ਪੁਲਸ ਵੱਲੋਂ ਨਾ ਜਾਣ ਕਰਕੇ ਇਹ ਛਾਣਬੀਣ ਅੱਗੇ ਨਹੀਂ ਵਧੀ ਅਤੇ ਵੱਡੀ ਗਿਣਤੀ 'ਚ ਏਜੰਟਾਂ ਦੇ ਹੌਂਸਲੇ ਹੋਰ ਵੱਧ ਗਏ।
ਇਹ ਗੋਰਖ ਧੰਦਾ ਕਈ ਸਾਲਾਂ ਤੋਂ ਇੰਝ ਚੱਲਦਾ ਹੈ ਕਿ ਏਜੰਟ ਐਪਲੀਕੈਂਟ ਕੋਲੋਂ 20 ਹਜ਼ਾਰ ਰੁਪਏ ਅਤੇ ਫਿਰ ਸਬੂਤ ਵਜੋਂ ਆਈ. ਡੀਜ਼ ਲੈਂਦੇ ਹਨ ਤੇ ਕਈ ਵਾਰ ਏਜੰਟ ਹੀ ਡੁਪਲੀਕੇਟ ਆਈ. ਡੀਜ਼ ਤਿਆਰ ਕਰ ਕੇ ਡੀਲਿੰਗ ਹੈੱਡ ਤੱਕ ਪਹੁੰਚਾ ਦਿੰਦੇ ਹਨ ਤੇ ਜਨਾਬ ਕੰਪਿਊਟਰਾਈਜ਼ਡ ਜੇ ਪਿਛਲਾ ਸਰਟੀਫਿਕੇਟ ਹੋਵੇ, ਜਿਸ 'ਚ ਤਰੁੱਟੀ ਹੋਵੇ ਤਾਂ ਡੀਲ ਅਨੁਸਾਰ ਉਹ ਡਿਲੀਟ ਕਰਕੇ ਨਵਾਂ ਬਣਾ ਦਿੱਤਾ ਜਾਂਦਾ ਹੈ। ਦੂਜਾ ਡਾਇਰੈਕਟ ਐਂਟਰੀ ਦਾ ਵੱਖਰਾ ਰੇਟ ਹੈ, ਜਿਸ ਦੇ ਇਕ ਨਹੀਂ ਵੱਡੀ ਗਿਣਤੀ 'ਚ ਸਬੂਤ ਛਾਣਬੀਣ ਨਾਲ ਇਕੱਤਰ ਹੋ ਸਕਦੇ ਹਨ, ਜਿਸ ਦਾ ਵਿਜੀਲੈਂਸ ਵਿਭਾਗ ਨੂੰ ਵੀ ਇਲਮ ਹੈ ਪਰ ਸਭ ਪਤਾ ਹੋਣ 'ਤੇ ਅਣਜਾਣ ਬਣੇ ਹਨ।   
ਕੀ ਕਹਿੰਦੇ ਨੇ ਸਿਵਲ ਸਰਜਨ ਕਪੂਰਥਲਾ
ਜਦ ਇਸ ਵਿਭਾਗ/ਦਫਤਰ ਵੱਲੋਂ ਮੋਟੀਆਂ ਰਕਮਾਂ ਲੈ ਕੇ ਡਾਇਰੈਕਟ ਜਾਰੀ ਕੀਤੇ ਜਾਂਦੇ ਜਨਮ ਸਰਟੀਫਿਕੇਟਾਂ ਦੀ ਹਕੀਕਤ ਬਾਰੇ ਸਿਵਲ ਸਰਜਨ ਕਪੂਰਥਲਾ ਐੱਚ. ਐੱਸ. ਕਾਹਲੋਂ ਨਾਲ ਸੰਪਰਕ ਕਰ ਕੇ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਏਜੰਟਾਂ ਦੀ ਬਜਾਏ ਸਿੱਧੇ ਕਾਨੂੰਨੀ ਤੌਰ 'ਤੇ ਆਪਣੇ ਸਰਟੀਫਿਕੇਟ ਅਪਲਾਈ ਕਰਨੇ ਚਾਹੀਦੇ ਹਨ। ਉਨ੍ਹਾਂ ਡਾਇਰੈਕਟ ਪਿਛਲੀਆਂ ਤਰੀਕਾਂ ਵਿਚ ਪਾਈਆਂ ਜਾਂਦੀਆਂ ਜਨਮ ਇੰਦਰਾਜ ਸਰਟੀਫਿਕੇਟਾਂ ਦੀਆਂ ਐਂਟਰੀਆਂ ਨੂੰ ਮੁੱਢੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਹੀ ਨਹੀਂ ਆਇਆ। ਉਨ੍ਹਾਂ ਅਨੁਸਾਰ ਅਜਿਹਾ ਨਹੀਂ ਹੋ ਸਕਦਾ। ਇਸ ਤਰ੍ਹਾਂ ਐਂਟਰੀਆਂ ਪਾਉਣੀਆਂ ਵੀ ਸੰਭਵ ਨਹੀਂ ਹਨ। ਜੇਕਰ ਕਿਸੇ ਦੇ ਧਿਆਨ ਵਿਚ ਅਜਿਹਾ ਮਾਮਲਾ ਹੈ ਤਾਂ ਉਹ ਦੱਸਣ, ਜਿਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News