ਬਲਾਕ ਸ਼ੇਰਪੁਰ ਦੇ ਸੇਵਾ ਕੇਂਦਰਾਂ ਦੀ ਬਿਜਲੀ ਹੋਈ ਗੁੱਲ, ਮੁਲਾਜ਼ਮ ਵੀ ਤਨਖਾਹ ਤੋਂ ਵਾਂਝੇ

03/22/2018 1:04:40 PM

ਸ਼ੇਰਪੁਰ (ਅਨੀਸ਼)-ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਡਰੀਮ ਪ੍ਰਾਜੈਕਟ ਸੇਵਾ ਕੇਂਦਰਾਂ ਦੀ ਮੌਜੂਦਾ ਕਾਂਗਰਸ ਸਰਕਾਰ ਸਮੇਂ ਫੂਕ ਨਿਕਲਦੀ ਨਜ਼ਰ ਆ ਰਹੀ ਹੈ, ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਇਕ ਛੱਤ ਹੇਠ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖਰਚ ਕਰ ਕੇ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਇਸ ਦਾ ਠੇਕਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਸੀ ਪਰ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਇਨ੍ਹਾਂ ਸੇਵਾ ਕੇਂਦਰਾਂ ’ਚ ਲੋਕਾਂ ਦੀ ਖੱਜਲ-ਖੁਆਰੀ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਬਹੁਤ ਸਾਰੇ ਸੇਵਾ ਕੇਂਦਰਾਂ ਦੇ ਬਿਜਲੀ ਦੇ ਕੁਨੈਕਸ਼ਨ ਪਾਵਰਕਾਮ ਵੱਲੋਂ ਕੱਟ ਦਿੱਤੇ ਗਏ ਹਨ, ਜਿਸ ਕਰਕੇ ਸੇਵਾ ਕੇਂਦਰਾਂ ’ਚ ਜਨਰੇਟਰ ਚਲਾ ਕੇ ਡੰਗ ਟਪਾਇਆ ਜਾ ਰਿਹਾ ਹੈ ।
 ਪਾਵਰਕਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਸੇਵਾ ਕੇਂਦਰ ਫਰਵਾਹੀ ਵੱਲ 34750 ਰੁ. ਬਕਾਇਆ , ਘਨੋਰੀ ਕਲਾਂ ਵੱਲ 43910 ਰੁ. ਬਕਾਇਆ, ਸ਼ੇਰਪੁਰ ਵੱਲ 70594 ਰੁ. ਬਕਾਇਆ, ਕਾਤਰੋਂ ਵੱਲ 35996 ਰੁ. ਅਤੇ ਬੜੀ ਵੱਲ 61435 ਰੁ. ਦੀ ਰਕਮ ਦਾ ਬਕਾਇਆ ਖੜ੍ਹਾ ਹੈ, ਜਿਸ ਕਰਕੇ ਇਥੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਸੇਵਾ ਕੇਂਦਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਬਿਜਲੀ ਦੇ ਕੁਨੈਕਸ਼ਨ ਕੱਟਣ ਕਾਰਨ ਜਦੋਂ ਕੋਈ ਸੇਵਾ ਕੇਂਦਰ ਵਿਚ ਅਰਜ਼ੀ ਜਮ੍ਹਾ ਕਰਵਾਉਣ ਲਈ ਆਉਂਦਾ ਹੈ ਤਾਂ ਜਨਰੇਟਰ ਚਲਾ ਕੇ ਕੰਮ ਚਲਾਇਆ ਜਾ ਰਿਹਾ ਹੈ । 
ਨਹੀਂ ਮਿਲੀ ਮੁਲਾਜ਼ਮਾਂ ਨੂੰ ਤਨਖਾਹ   : ਇਸ ਤੋਂ ਇਲਾਵਾ ਸੇਵਾ ਕੇਂਦਰਾਂ ’ਚ ਕੰਮ ਰਹੇ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ’ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਤਨਖਾਹ ਨਾ ਮਿਲਣ ਕਰਕੇ ਉਨ੍ਹਾਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਬਹੁਤ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜਦੋਂ ਕਿ ਦੂਜੇ ਪਾਸੇ ਉਨ੍ਹਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ । 
ਕੀ ਕਹਿੰਦੇ ਨੇ ਨਾਇਬ ਤਹਿਸੀਲਦਾਰ   : ਜਦੋਂ ਇਸ ਸਬੰਧੀ ਸਬ-ਤਹਿਸੀਲ ਸ਼ੇਰਪੁਰ ਦੇ ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਵਰਕਾਮ ਨੇ ਬਿਜਲੀ ਦੇ ਬਕਾਏ ਖੜ੍ਹੇ ਹੋਣ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਜਲਦ ਹੀ ਬਕਾਏ ਭਰ ਕੇ ਕੁਨੈਕਸ਼ਨ ਚਾਲੂ ਕਰਵਾ ਦਿੱਤੇ ਜਾਣਗੇ ।    


Related News