ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ

03/22/2018 11:32:04 AM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - 12 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਵਧ ਰਹੀਆਂ ਵਾਰਦਾਤਾਂ ਸਬੰਧੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀ ਸਰਕਾਰ ਨੇ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਮਤਾ ਪਾਸ ਕਰ ਦਿੱਤਾ ਹੈ। ਪੰਜਾਬ 'ਚ ਵੀ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ 'ਤੇ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ। ਅਜਿਹੇ ਕੇਸ ਕਈ ਸਾਲ ਲਟਕਦੇ ਰਹਿੰਦੇ ਹਨ ਅਤੇ ਜਬਰ-ਜ਼ਨਾਹ ਕਰਨ ਵਾਲੇ ਖੁੱਲ੍ਹੇਆਮ ਘੁੰਮਦੇ ਹੋਏ ਹੋਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਸਬੰਧੀ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ।
'ਜਗ ਬਾਣੀ' ਨੇ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਵੇ, ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਚੇਅਰਪਰਸਨ, ਘਰੇਲੂ ਔਰਤਾਂ ਦੇ ਵਿਚਾਰਾਂ ਨੂੰ ਜਾਣਨ ਲਈ ਇਸ ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ। ਔਰਤਾਂ ਨੇ ਵੀ 'ਜਗ ਬਾਣੀ' ਦੀ ਇਸ ਮੁਹਿੰਮ ਦਾ ਹਿੱਸਾ ਬਣਦੇ ਹੋਏ ਆਵਾਜ਼ ਬੁਲੰਦ ਕੀਤੀ ਹੈ।

ਵੱਖ-ਵੱਖ ਵਿਚਾਰ-
ਮਾਊਂਟ ਲਿਟਰਾ ਜੀ ਸਕੂਲ ਮੋਗਾ ਦੀ ਪ੍ਰਿੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਾਡੇ ਦੇਸ਼ 'ਚ ਨੰਨ੍ਹੀਆਂ ਕੰਜਕਾਂ ਨੂੰ ਮਾਂ ਦੁਰਗਾ ਦਾ ਰੂਪ ਸਮਝ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਬੱਚੀਆਂ ਨਾਲ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਬਿਲਕੁੱਲ ਹੀ ਨਾ ਬਖਸ਼ਿਆ ਜਾਵੇ ਤੇ ਉਨ੍ਹਾਂ ਨੂੰ ਤਾਂ ਸਿਰਫ ਮੌਤ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ।

ਇਸ ਮੌਕੇ ਨੀਤੂ ਸ਼ਰਮਾ ਨੇ ਕਿਹਾ ਕਿ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਮਨੁੱਖ ਨਹੀਂ ਕਿਹਾ ਜਾ ਸਕਦਾ, ਉਹ ਤਾਂ ਇਕ ਰਾਕਸ਼ਸ ਹੁੰਦਾ ਹੈ, ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਅਜਿਹੇ ਅਪਰਾਧ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਤੋਂ ਹੋਰਾਂ ਨੂੰ ਸਬਕ ਮਿਲ ਸਕੇ।  

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੀ ਪ੍ਰਿੰਸੀਪਲ ਅੰਬਿਕਾ ਦਾਨੀ ਨੇ ਕਿਹਾ ਕਿ ਲੜਕੀਆਂ ਨਾਲ ਹੋ ਰਹੇ ਅਪਰਾਧ ਲਈ ਕਿਤੇ ਨਾ ਕਿਤੇ ਸਰਕਾਰੀ ਤੰਤਰ ਜ਼ਿੰਮੇਵਾਰ ਹੈ। ਕਾਨੂੰਨ ਤਾਂ ਬਣਾ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਹਰ ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।


Related News