ਆਸਟ੍ਰੇਲੀਅਨ ਕੌਮੀ ਸਿੱਖ ਖੇਡਾਂ : ਸਿੱਖ ਆਗੂਆਂ ਨੂੰ ਮਿਲੇ ਮੰਤਰੀ

03/22/2018 11:16:07 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਨੂੰ ਸਾਂਝ ਦੇ ਸੂਤਰ ਵਿਚ ਪਰੋਣ ਲਈ ਸਿੱਖਾਂ ਦੀ ਅਹਿਮ ਭੂਮਿਕਾ ਹੈ। ਇਹ ਵਿਚਾਰ ਇੱਥੇ ਅੱਜ ਸੂਬਾ ਨਿਊ ਸਾਊਥ ਵੇਲਜ਼ ਵਿਚ ਮਲਟੀਕਲਚਰਿਜ਼ਮ ਵਿਭਾਗ ਦੇ ਮੰਤਰੀ ਰੇਅ ਵਿਲੀਅਮ ਨੇ ਪ੍ਰਗਟਾਏ। ਉਹ ਗੁਰਦੁਆਰਾ ਰਿਵਸਵੀ ਵਿਖੇ ਪੰਜਾਬੀ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਲਈ ਆਏ ਸਨ। ਮੰਤਰੀ ਨੇ ਸਿਡਨੀ ਵਿਚ ਆਸਟ੍ਰੇਲੀਅਨ ਕੌਮੀ ਸਿੱਖ ਖੇਡਾਂ (31ਵੀਆਂ), ਜੋ 31 ਮਾਰਚ ਤੋਂ 1 ਅਪ੍ਰੈਲ ਤੱਕ ਹੋ ਰਹੀਆਂ ਹਨ, ਦੇ ਸੰਬੰਧ ਵਿਚ ਖੇਡ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸੰਸਾਰ ਜੰਗਾਂ ਵਿਚ ਜੰਗਜੂ ਰੋਲ ਅਦਾ ਕਰ ਕੇ ਆਪਣੀ ਬਹਾਦੁਰੀ ਦਾ ਲੋਹਾ ਸੰਸਾਰ ਭਰ ਵਿਚ ਮਨਵਾਇਆ। ਮੁਲਕ ਵਿਚ ਵੱਸਦੇ ਸਿੱਖਾਂ ਦੇ ਕੰਮਾਂ 'ਤੇ ਸਮਾਜਿਕ ਗਤੀਵਿਧੀਆਂ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਆਪਸੀ ਤਾਲਮੇਲ ਰਾਹੀਂ ਖਿਡਾਰੀਆਂ ਨੂੰ ਲੋੜੀਂਦਾ ਖੇਡ ਪ੍ਰਬੰਧ 'ਤੇ ਢੁਕਵਾਂ ਮਾਹੌਲ ਪ੍ਰਦਾਨ ਕਰੇਗੀ। 
ਉਨ੍ਹਾਂ ਆਪਣੇ ਵਿਭਾਗ ਵੱਲੋਂ ਬਹੁਭਾਤੀ ਸੱਭਿਆਚਾਰ ਨੂੰ ਮਜ਼ਬੂਤੀ ਦੇਣ ਲਈ 5000 ਡਾਲਰ ਦਾ ਚੈੱਕ ਸਿੱਖ ਖੇਡਾਂ ਸਿਡਨੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ ਨੂੰ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਮ. ਪੀ. ਗਲੈੱਨ ਬਰੁਕਸ, ਖੇਡ ਕਮੇਟੀ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਟਾ, ਖਜ਼ਾਨਚੀ ਮਾਈਕਲ ਸਿੰਘ, ਖੇਡ ਤਾਲਮੇਲ ਕਮੇਟੀ ਮੈਂਬਰ ਨਰਿੰਦਰ ਸਿੰਘ ਗਰੇਵਾਲ ਤੇ ਮੁੱਖ ਗ੍ਰੰਥੀ ਭਾਈ ਦਰਸ਼ਨ ਸਿੰਘ ਵੀ ਹਾਜ਼ਰ ਸਨ। ਸਿੱਖ ਖੇਡਾਂ ਦੇ ਸਿਡਨੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਤੇ ਇਸ ਦੇ ਗੁਆਂਢੀ ਮੁਲਕਾਂ ਵਿਚੋਂ ਕਰੀਬ 70 ਹਜ਼ਾਰ ਪੰਜਾਬੀ ਭਾਈਚਾਰੇ ਦੇ ਲੋਕ ਤਿੰਨ ਦਿਨ ਸਿੱਖ ਖੇਡਾਂ ਵਿਚ ਜੁੜਨਗੇ, ਜਿਨ੍ਹਾਂ ਵਿਚ ਕਰੀਬ 3 ਹਜ਼ਾਰ ਖਿਡਾਰੀ ਸ਼ਾਮਲ ਹਨ। ਇਨ੍ਹਾਂ ਖੇਡਾਂ ਦਾ ਉਦੇਸ਼ ਪਰਵਾਸੀ ਵਿਰਸਾ ਵਿਰਾਸਤ ਨੂੰ ਕਾਇਮ ਰੱਖਣਾ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੈ।


Related News