ਕੈਨੇਡਾ ''ਚ ਵਿਅਕਤੀ ਨੂੰ ਲਹੂ-ਲੁਹਾਨ ਕਰਨ ਵਾਲਾ ਦੂਜਾ ਸਾਥੀ ਵੀ ਨਿਕਲਿਆ ਪੰਜਾਬੀ

03/22/2018 11:17:48 AM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ 13 ਮਾਰਚ 2018 ਨੂੰ ਦਿਮਾਗੀ ਤੌਰ 'ਤੇ ਥੋੜ੍ਹੇ ਕਮਜ਼ੋਰ ਵਿਅਕਤੀ ਦੀ 3 ਨੌਜਵਾਨਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੁੱਟਮਾਰ ਦੇ ਸ਼ਿਕਾਰ ਹੋਏ ਵਿਅਕਤੀ ਦੀ ਉਮਰ 29 ਸਾਲ ਹੈ, ਜੋ ਕਿ ਮਿਸੀਸਾਗਾ ਮਾਲ ਦੇ ਬੱਸ ਸਟੇਸ਼ਨ ਦੀਆਂ ਪੌੜੀਆਂ 'ਤੇ ਬੈਠਾ ਹੋਇਆ ਸੀ। ਉਕਤ ਵਿਅਕਤੀ ਨਾਲ 3 ਨੌਜਵਾਨਾਂ ਨੇ ਬਿਨਾਂ ਕਿਸੇ ਗੱਲ ਦੇ ਕੁੱਟਮਾਰ ਕੀਤੀ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਦੂਜੇ ਦੋਸ਼ੀ ਦੀ ਪਛਾਣ ਵੀ ਕਰ ਲਈ ਹੈ, ਜੋ ਕਿ ਪੰਜਾਬੀ ਹੈ। ਉਸ ਦਾ ਨਾਂ ਪਰਮਵੀਰ ਸਿੰਘ ਚਹਿਲ ਹੈ, ਜਿਸ ਦੀ ਉਮਰ 21 ਸਾਲ ਹੈ। 

PunjabKesari
ਪੁਲਸ ਮੁਤਾਬਕ ਪਰਮਵੀਰ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੈ। ਪੁਲਸ ਨੇ ਪਰਮਵੀਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਤੀਜੇ ਸ਼ੱਕੀ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਸ ਦਾ ਮੰਨਣਾ ਹੈ ਕਿ ਸ਼ਾਇਦ ਉਸ ਦਾ ਨਾਂ ਜੌਨਸ ਹੋ ਸਕਦਾ ਹੈ। ਇੱਥੇ ਦੱਸ ਦੇਈਏ ਕਿ ਪੁਲਸ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਮਾਮਲੇ 'ਚ ਸ਼ਾਮਲ 25 ਸਾਲਾ ਪੰਜਾਬੀ ਦੀ ਪਛਾਣ ਰਨਜੋਤ ਸਿੰਘ ਧਾਮੀ ਵਜੋਂ ਕੀਤੀ ਸੀ। ਉਸ ਵਿਰੁੱਧ ਵੀ ਪੁਲਸ ਨੇ ਵਾਰੰਟ ਜਾਰੀ ਕੀਤਾ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਧਾਮੀ, ਚਹਿਲ ਅਤੇ ਤੀਜਾ ਸ਼ੱਕੀ ਗ੍ਰੇਟਰ ਟੋਰਾਂਟੋ ਇਲਾਕੇ 'ਚ ਹੋ ਸਕਦੇ ਹਨ। ਪੁਲਸ ਅਤੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਦੋਸ਼ੀਆਂ ਬਾਰੇ ਜਾਣਕਾਰੀ ਮਿਲੇ ਉਹ ਸਾਡੇ ਨਾਲ ਸੰਪਰਕ ਕਰਨ।  

PunjabKesari
ਕੀ ਹੈ ਪੂਰਾ ਮਾਮਲਾ—
ਕੁੱਟਮਾਰ ਦੇ ਸ਼ਿਕਾਰ ਹੋਏ 29 ਸਾਲਾ ਵਿਅਕਤੀ ਦਿਮਾਗੀ ਤੌਰ 'ਤੇ ਥੋੜ੍ਹਾ ਕਮਜ਼ੋਰ ਹੈ, ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਮਿਸੀਸਾਗਾ ਦੇ ਬੱਸ ਸਟੇਸ਼ਨ ਦੀਆਂ ਪੌੜੀਆਂ 'ਤੇ ਬੈਠਾ ਸੀ ਅਤੇ ਬੂਟ ਪਹਿਨਣ ਲੱਗਾ। ਇਸ ਦੌਰਾਨ ਤਿੰਨ ਨੌਜਵਾਨ ਉਸ ਕੋਲੋਂ ਆਏ ਤਾਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਕਤ ਵਿਅਕਤੀ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਿਆ। ਉਹ ਉਸ ਨੂੰ ਗੰਭੀਰ ਜ਼ਖਮੀ ਕਰ ਕੇ ਚਲੇ ਗਏ। ਇਸ ਘਟਨਾ ਦੀ ਪੂਰੀ ਵੀਡੀਓ ਬੱਸ ਸਟੇਸ਼ਨ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋਈ ਹੈ। ਪੁਲਸ ਨੇ ਇਸ ਵੀਡੀਓ ਨੂੰ ਦੇਖਿਆ ਹੈ, ਜਿਸ 'ਚ ਤਿੰਨ ਨੌਜਵਾਨ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਪੀੜਤ ਵਿਅਕਤੀ ਹਸਪਤਾਲ 'ਚ ਭਰਤੀ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News