ਜੇ. ਈ. ਵਿਰੁੱਧ ਦਰਜ ਪੁਲਸ ਮਾਮਲੇ ਖਿਲਾਫ  ਟੀ. ਐੱਸ. ਯੂ. ਨੇ ਕੀਤੀ ਗੇਟ ਰੈਲੀ

03/22/2018 11:18:02 AM

ਭਵਾਨੀਗੜ੍ਹ (ਵਿਕਾਸ, ਅੱਤਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀ. ਐੱਸ.ਯੂ.) ਨੇ ਸੰਘਰਸ਼ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਸਬ-ਡਵੀਜ਼ਨ ਪੱਧਰ 'ਤੇ ਗੇਟ ਰੈਲੀ ਕਰ ਕੇ ਵਿਭਾਗ ਦੇ ਜੇ. ਈ. ਜਗਦੀਪ ਸਿੰਘ ਵਿਰੁੱਧ ਦਰਜ ਕੀਤੇ ਮਾਮਲੇ ਦੇ ਵਿਰੋਧ 'ਚ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ । ਰੈਲੀ ਦੌਰਾਨ ਟੀ. ਐੱਸ. ਯੂ. ਦੇ ਡਵੀਜ਼ਨ ਪ੍ਰਧਾਨ ਕਰਨੈਲ ਸਿੰਘ ਤੇ ਸਬ-ਡਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਪਿਛਲੇ ਮਹੀਨੇ ਹੇਮ ਰਾਜ ਉਪ ਮੰਡਲ ਅਫਸਰ ਸ਼ਹਿਰੀ ਸੰਗਰੂਰ, ਬਲਦੇਵ ਕ੍ਰਿਸ਼ਨ ਜੇ. ਈ.-1 ਅਤੇ ਜਗਦੀਪ ਸਿੰਘ ਜੇ. ਈ. ਵੱਲੋਂ ਵਿਭਾਗ ਦੇ ਉਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਜੈਲ ਪੋਸਟ ਪੁਲਸ ਚੌਕੀ ਬਰਨਾਲਾ ਰੋਡ ਸੰਗਰੂਰ ਵਿਖੇ ਚੱਲ ਰਹੀ ਨਾਜਾਇਜ਼ ਸਪਲਾਈ ਦੀ ਚੈਕਿੰਗ ਕਰ ਕੇ ਚੈਕਿੰਗ ਸਟਾਫ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਸੀ ਪਰ ਪੁਲਸ ਨੇ ਕੇਸ ਨੂੰ ਉਲਝਾਉਣ ਲਈ ਜਗਦੀਪ ਸਿੰਘ ਜੇ. ਈ. ਵਿਰੁੱਧ ਝੂਠਾ ਪਰਚਾ ਦਰਜ ਕਰ ਦਿੱਤਾ, ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ।   ਆਗੂਆਂ ਵੱਲੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਵੀ ਕੋਈ ਸੁਣਵਾਈਂ ਨਹੀਂ ਹੋਈ । ਯੂਨੀਅਨ ਆਗੂਆਂ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਯੂਨੀਅਨ ਵੱਲੋਂ 26 ਮਾਰਚ ਨੂੰ ਡਵੀਜ਼ਨ ਪੱਧਰ 'ਤੇ ਧਰਨੇ ਦਿੱਤੇ ਜਾਣਗੇ ਜੇਕਰ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਸੰਘਰਸ਼ ਨੂੰ ਸੂਬਾ ਪੱਧਰ 'ਤੇ ਲਿਜਾਇਆ ਜਾਵੇਗਾ ।  ਇਸ ਸਮੇਂ ਸੁਖਦਰਸ਼ਨ ਸਿੰਘ ਸਕੱਤਰ ਸਬ-ਯੂਨਿਟ ਭਵਾਨੀਗੜ੍ਹ, ਰਜਿੰਦਰ ਸਿੰਘ ਸਹਾਇਕ ਸਕੱਤਰ ਤੋਂ ਇਲਾਵਾ ਹਰੀ ਸਿੰਘ, ਠਾਕੁਰ ਸਿੰਘ, ਗੁਲਦੀਪ ਸਿੰਘ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।


Related News