ਮੈਂ ਤੁਹਾਡਾ ਪੁੱਤਰ ਹਾਂ, ਤੁਹਾਡੀ ਦੇਖਭਾਲ ਕਰਾਂਗਾ

3/22/2018 9:55:17 AM

ਸ਼੍ਰਾਵਸਤੀ ਦੇ ਜੇਤਵਨ ਵਿਹਾਰ 'ਚ ਗੌਤਮ ਬੁੱਧ ਉਪਦੇਸ਼ ਦੇ ਰਹੇ ਸਨ। ਨਗਰ ਦੇ ਅਮੀਰ ਸੇਠ ਦਾ ਪੁੱਤਰ ਵੀ ਉਥੇ ਆਇਆ ਹੋਇਆ ਸੀ। ਉਪਦੇਸ਼ ਖਤਮ ਹੋਣ 'ਤੇ ਉਸ ਨੇ ਬੁੱਧ ਨੂੰ ਪ੍ਰਣਾਮ ਕੀਤਾ ਅਤੇ ਉਨ੍ਹਾਂ ਨੂੰ ਸੰਨਿਆਸ ਵਿਚ ਦੀਕਸ਼ਿਤ ਕਰਨ ਦੀ ਪ੍ਰਾਰਥਨਾ ਕੀਤੀ।
ਬੁੱਧ ਬੋਲੇ,''ਸੰਨਿਆਸ ਗ੍ਰਹਿਣ ਕਰਨ ਲਈ ਮਾਤਾ-ਪਿਤਾ ਦੀ ਇਜਾਜ਼ਤ ਲਾਜ਼ਮੀ ਹੈ।''
ਸੇਠ ਦਾ ਪੁੱਤਰ ਵਿਦਾ ਲੈ ਕੇ ਆਪਣੇ ਘਰ ਮੁੜ ਆਇਆ। 7 ਦਿਨ ਤਕ ਉਸ ਨੇ ਬਿਨਾਂ ਕੁਝ ਖਾਧੇ-ਪੀਤੇ ਮਾਤਾ-ਪਿਤਾ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਪੁੱਤਰ ਨੂੰ ਸੰਨਿਆਸ ਗ੍ਰਹਿਣ ਕਰਨ ਦੀ ਇਜਾਜ਼ਤ ਦੇ ਦਿੱਤੀ। ਬੁੱਧ ਦੀਆਂ ਹਦਾਇਤਾਂ ਅਨੁਸਾਰ ਆਚਾਰੀਆ ਨੇ ਉਸ ਨੂੰ ਦੀਕਸ਼ਿਤ ਕਰ ਦਿੱਤਾ।
ਉਹ ਕਈ ਸਾਲ ਸਾਧਨਾ ਕਰਦਾ ਰਿਹਾ। ਇਕ ਦਿਨ ਉਸ ਦਾ ਇਕ ਗੁਆਂਢੀ ਘੁੰਮਦਾ ਹੋਇਆ ਉਥੇ ਆ ਪਹੁੰਚਿਆ। ਸੇਠ ਦੇ ਪੁੱਤਰ ਨੇ ਉਸ ਤੋਂ ਆਪਣੇ ਮਾਤਾ-ਪਿਤਾ ਦਾ ਹਾਲ ਪੁੱਛਿਆ।
ਗੁਆਂਢੀ ਬੋਲਿਆ,''ਬਜ਼ੁਰਗ ਅਵਸਥਾ 'ਚ ਉਹ ਬੀਮਾਰ ਰਹਿਣ ਲੱਗੇ ਹਨ। ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ।''
ਇਹ ਸੁਣ ਕੇ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਵਗਣ ਲੱਗੇ। ਉਸ ਨੇ ਕਮੰਡਲ ਚੁੱਕਿਆ ਅਤੇ ਭਿੱਖਿਆ ਲੈ ਕੇ ਮਾਤਾ-ਪਿਤਾ ਨੂੰ ਮਿਲਣ ਲਈ ਨਿਕਲ ਪਿਆ। ਉਥੇ ਪਹੁੰਚ ਕੇ ਉਸ ਨੇ ਮਾਤਾ-ਪਿਤਾ ਦੇ ਚਰਨ ਸਪਰਸ਼ ਕੀਤੇ।
ਇਕ ਭਿਕਸ਼ੂ ਨੂੰ ਨਮਨ ਕਰਦਿਆਂ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਪੁੱਛਣ ਲੱਗੇ,''ਤੂੰ ਅਜਿਹਾ ਕਿਉਂ ਕਰ ਰਿਹਾ ਏਂ?''
ਭਿਕਸ਼ੂ ਬੋਲਿਆ,''ਮੈਂ ਤੁਹਾਡਾ ਪੁੱਤਰ ਹਾਂ। ਮੈਂ ਤੁਹਾਡੀ ਦੇਖਭਾਲ ਕਰਾਂਗਾ।''
ਹੁਣ ਉਹ ਸਾਧਨਾ ਵੀ ਕਰਦਾ ਅਤੇ ਭਿੱਖਿਆ ਮੰਗ ਕੇ ਆਪਣਾ ਤੇ ਮਾਤਾ-ਪਿਤਾ ਦਾ ਪਾਲਣ-ਪੋਸ਼ਣ ਵੀ ਕਰਦਾ। ਦੂਜੇ ਭਿਕਸ਼ੂਆਂ ਨੇ ਉਸ ਦੀ ਸ਼ਿਕਾਇਤ ਗੌਤਮ ਬੁੱਧ ਕੋਲ ਕੀਤੀ ਅਤੇ ਬੋਲੇ ਕਿ ਉਹ ਭਿੱਖਿਆ ਵਿਚ ਮਿਲੀਆਂ ਚੀਜ਼ਾਂ ਗ੍ਰਹਿਸਥਾਂ ਨੂੰ ਵੰਡ ਦਿੰਦਾ ਹੈ, ਉਸ ਨੇ ਸੰਘ ਦਾ ਨਿਯਮ ਤੋੜਿਆ ਹੈ। 
ਬੁੱਧ ਨੇ ਭਿਕਸ਼ੂ ਨੂੰ ਸੱਦ ਕੇ ਪੁੱਛਿਆ,''ਕੀ ਤੂੰ ਭਿੱਖਿਆ ਵਿਚ ਗ੍ਰਹਿਣ ਕੀਤੀਆਂ ਚੀਜ਼ਾਂ ਨਾਲ ਗ੍ਰਹਿਸਥਾਂ ਦਾ ਪਾਲਣ-ਪੋਸ਼ਣ ਕੀਤਾ?''
ਉਸ ਨੇ ਜਵਾਬ ਦਿੱਤਾ,''ਹਾਂ, ਮੈਂ ਆਪਣੇ ਬੇਸਹਾਰਾ ਬਜ਼ੁਰਗ ਮਾਤਾ-ਪਿਤਾ ਦਾ ਪੋਸ਼ਣ ਕੀਤਾ।''
ਗੌਤਮ ਬੁੱਧ ਨੇ ਐਲਾਨ ਕੀਤਾ,''ਭਿਕਸ਼ੂਓ, ਇਹ ਭਿਕਸ਼ੂ ਸੰਨਿਆਸ ਦੇ ਸੱਚੇ ਮਾਰਗ ਵੱਲ ਵਧ ਰਿਹਾ ਹੈ।''