ਕੇਂਦਰ ਸਰਕਾਰ ਵੱਲੋਂ ਲਾਏ ਜਾਣ ਵਾਲੇ ਜੀ. ਐੱਸ. ਟੀ. ਨੂੰ ਵੀ ਮਨਪ੍ਰੀਤ ਬਾਦਲ ਮੁਆਫ ਕਰਵਾਉਣ : ਪ੍ਰੋ. ਬਡੂੰਗਰ

03/22/2018 9:59:54 AM

ਪਟਿਆਲਾ/ਫਤਿਹਗੜ੍ਹ ਸਾਹਿਬ (ਜੋਸਨ, ਜਗਦੇਵ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਲੰਗਰਾਂ ਦੀਆਂ ਵਸਤਾਂ ਤੋਂ ਜੀ. ਐੱਸ. ਟੀ. ਮੁਆਫ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ 'ਦੇਰ ਆਏ ਦਰੁਸਤ ਆਏ' ਪਰ ਪੰਜਾਬ ਸਰਕਾਰ ਵਲੋਂ ਇਹ ਇਕ ਸਾਲ ਪਹਿਲਾਂ ਹੀ ਮੁਆਫ ਕਰ ਦਿੱਤਾ ਜਾਣਾ ਚਾਹੀਦਾ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਲਾਏ ਜਾਣ ਵਾਲੇ ਜੀ. ਐੱਸ. ਟੀ. ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਕੇਂਦਰ ਸਰਕਾਰ ਵਲੋਂ ਲਾਇਆ ਜਾਣ ਵਾਲਾ ਇਹ ਟੈਕਸ ਮੁਆਫ ਹੋ ਸਕੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਉਹ ਆਪਣੇ ਪੱਧਰ 'ਤੇ ਬਣਦਾ ਜੀ. ਐੱਸ. ਟੀ. ਮੁਆਫ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਵੱਲੋਂ ਲੰਗਰਾਂ 'ਤੇ ਲਾਏ ਜਾਣ ਵਾਲੇ ਜੀ. ਐੱਸ. ਟੀ. ਨੂੰ ਮੁਆਫ ਕਰਵਾਉਣ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਮਿਲੇ ਸਨ। ਕਈ ਵਾਰ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀਆਂ ਲਿਖੀਆਂ ਸਨ। ਇਸ ਦੇ ਨਾਲ ਹੀ ਇਰਾਕ 'ਚ ਆਈ. ਐੱਸ. ਅੱਤਵਾਦੀ ਜਮਾਤ ਵਲੋਂ ਅਗਵਾ ਕਰ ਕੇ ਕਤਲ ਕੀਤੇ 39 ਭਾਰਤੀਆਂ ਨੂੰ ਪ੍ਰੋ. ਬਡੂੰਗਰ ਨੇ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ 31 ਪੰਜਾਬੀਆਂ ਨੂੰ ਕਤਲ ਕੀਤੇ ਜਾਣ 'ਤੇ ਪੀੜਤ ਪੰਜਾਬੀ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੇਸ਼ੱਕ ਇਨ੍ਹਾਂ ਪਰਿਵਾਰਾਂ ਦੇ ਦੁੱਖ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਦੁੱਖ ਦੀ ਘੜੀ 'ਚ ਪੀੜਤ ਪਰਿਵਾਰਾਂ ਦੀ ਖੁੱਲ੍ਹ ਕੇ ਸਹਾਇਤਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। 
 ਉਨ੍ਹਾਂ ਕਿਹਾ ਕਿ ਲੰਮਾ ਸਮਾਂ ਪਹਿਲਾਂ ਇਰਾਕ 'ਚ ਰੋਜ਼ੀ-ਰੋਟੀ ਅਤੇ ਰੁਜ਼ਗਾਰ ਦੀ ਭਾਲ ਲਈ ਕਈ ਪੰਜਾਬੀ ਪਰਿਵਾਰਾਂ ਦੇ ਕੁਝ ਜੀਅ ਗਏ ਸਨ ਜਿਨ੍ਹਾਂ ਨੂੰ ਅਗਵਾ ਕਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਉਜਾਗਰ ਹੋਇਆ ਸੀ ਪਰ ਕੇਂਦਰ ਸਰਕਾਰ ਇਸ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਸੀ ਜਦਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਨ੍ਹਾਂ ਭਾਰਤੀਆਂ ਦੇ ਜਿਊਂਦਾ ਹੋਣ ਬਾਰੇ ਸਪੱਸ਼ਟੀਕਰਨ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਹੱਥੋਂ ਬਚ ਕੇ ਭਾਰਤ ਪਰਤੇ ਹਰਜੀਤ ਮਸੀਹ ਨੇ ਇਸ ਘਟਨਾ ਸਬੰਧੀ ਖੁਲਾਸਾ ਵੀ ਕੀਤਾ ਸੀ ਪਰ ਕੇਂਦਰ ਸਰਕਾਰ ਨੇ ਜਾਣਕਾਰੀ ਮਿਲਣ ਮਗਰੋਂ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਿਥੇ ਚਾਰ ਸਾਲਾਂ ਬਾਅਦ ਸਾਰਾ ਰਹੱਸ ਖੁੱਲ੍ਹ ਕੇ ਸਾਹਮਣੇ ਆਇਆ ਹੈ ਉਥੇ ਕੇਂਦਰ ਸਰਕਾਰ ਦੀ ਅਸਲੀਅਤ ਵੀ ਜੱਗ ਜ਼ਾਹਿਰ ਹੋਈ ਹੈ।  


Related News