ਮੀਂਹ ਕਾਰਨ ਫਸਲਾਂ ਨੂੰ ਕਿਤੇ ਮਾਰ ਕਿਤੇ ਨਿਖਾਰ

03/22/2018 9:45:16 AM

ਜਲਾਲਾਬਾਦ (ਬੰਟੀ) - ਬੀਤੀ ਦੇਰ ਰਾਤ ਸ਼ੁਰੂ ਹੋਏ ਮੀਂਹ ਕਾਰਨ ਜਿਥੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖਣ ਨੂੰ ਮਿਲੀ ਹੈ, ਉਥੇ ਹੀ ਕਿਸਾਨਾਂ ਮੁਤਾਬਕ ਇਸ ਮੀਂਹ ਤੇ ਝੜੀ ਕਾਰਨ ਮੌਸਮ ਵੀ ਖੁਸ਼ਗੁਵਾਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਭੇਜ ਸਿੰਘ, ਬਗੀਚਾ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਲਈ ਇਹ ਮੀਂਹ ਅਤੇ ਝੜੀ ਬਹੁਤ ਲਾਭਦਾਇਕ ਹੈ। ਇਸ ਨਾਲ ਜੋਬਨ 'ਤੇ ਖੜ੍ਹੀ ਫਸਲ ਦਾ ਝਾੜ ਵਧਣ ਦੀ ਵੀ ਆਸ ਹੈ ਅਤੇ ਇਸ ਨਾਲ ਫਸਲ ਨੂੰ ਹੋਣ ਵਾਲੀਆਂ ਕਾਲੀ ਤੇ ਚਿੱਟੀ ਸੁੰਡੀ, ਪੱਤਾ ਲਪੇਟ ਜਿਹੀਆਂ ਖਤਰਨਾਕ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਫਸਲ ਨੂੰ ਪਾਣੀ ਦੀ ਬਹੁਤ ਹੀ ਜ਼ਿਆਦਾ ਲੋੜ ਸੀ ਤੇ ਇਸ ਮੀਂਹ ਦੇ ਪੈਣ ਨਾਲ ਜਿਥੇ ਜ਼ਮੀਨ ਲਈ ਪਾਣੀ ਦੀ ਪੂਰਤੀ ਹੋਵੇਗੀ, ਉਥੇ ਹੀ ਬਿਜਲੀ ਅਤੇ ਡੀਜ਼ਲ ਦੀ ਵੀ ਬਚਤ ਹੋਵੇਗੀ ਤੇ ਇਸ ਕੁਦਰਤੀ ਪਾਣੀ ਕਾਰਨ ਫਸਲ ਦੀ ਪੈਦਾਵਾਰ ਚੰਗੀ ਅਤੇ ਕੁਆਲਿਟੀ ਵਜੋਂ ਵੀ ਬਹੁਤ ਵਧੀਆ ਹੁੰਦੀ ਹੈ ਤੇ ਇਸ ਮੀਂਹ ਤੇ ਝੜੀ ਨਾਲ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਅੰਤ 'ਚ ਉਨ੍ਹਾਂ ਕਿਹਾ ਕਿ ਹੋਰ ਤੇਜ਼ ਹਵਾਵਾਂ ਤੇ ਮੀਂਹ, ਗੜਾ ਨਾ ਪਾਵੇ ਤਾਂ ਫਸਲ ਨੂੰ ਫਾਇਦਾ ਹੀ ਫਾਇਦਾ ਹੈ।


Related News