ਮੌਨ ਦਾ ਮਹੱਤਵ ਗਿਆਨ ਅੰਮ੍ਰਿਤ

3/22/2018 9:07:30 AM

ਜਲੰਧਰ— ਮਨੁੱਖੀ ਜੀਵਨ 'ਚ ਹਰ ਤਜਰਬਾ, ਗੱਲ-ਵਿਚਾਰ ਅਤੇ ਵਿਵਹਾਰ ਦੇ 2 ਪਹਿਲੂ ਹੁੰਦੇ ਹਨ, ਜਿਵੇਂ ਦੁੱਖ-ਸੁੱਖ, ਜਿੱਤ-ਹਾਰ ਅਤੇ ਸਫਲਤਾ-ਅਸਫਲਤਾ। ਇਸੇ ਤਰ੍ਹਾਂ ਬੋਲਣਾ ਤੇ ਮੌਨ ਰਹਿਣਾ ਹੈ। ਅਕਸਰ ਮਨੁੱਖਾਂ ਅਤੇ ਪਸ਼ੂ-ਪੰਛੀਆਂ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਵਖਰੇਵਾਂ ਵਾਣੀ ਦਾ ਹੀ ਹੈ।
ਸਾਡੇ ਕੋਲ ਕਈ ਭਾਸ਼ਾਵਾਂ ਜ਼ਰੀਏ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਕੀ ਕਦੇ ਅਸੀਂ ਵਿਚਾਰ ਕੀਤਾ ਕਿ ਇੰਨੀਆਂ ਗੱਲਾਂ ਨੂੰ ਬੋਲ ਕੇ ਅਸੀਂ ਇਸ ਦੇ ਬਦਲੇ ਆਪਣੇ ਲਈ ਕੀ ਪ੍ਰਾਪਤ ਕਰਦੇ ਹਾਂ? ਅਸੰਤੁਲਿਤ, ਕੁੰਠਿਤ ਅਤੇ ਪ੍ਰਦੂਸ਼ਿਤ ਵਿਚਾਰ-ਭਾਵਨਾਵਾਂ ਸਾਨੂੰ ਕੁਝ ਨਾ ਕੁਝ ਬੋਲਣ ਲਈ ਉਕਸਾਉਂਦੀਆਂ ਹਨ। ਇਸੇ ਤਰ੍ਹਾਂ ਗੁੱਸੇ 'ਚ ਬੋਲਦੇ ਰਹਿਣ ਨਾਲ ਹਲੀਮੀ-ਸ਼ਿਸ਼ਟਾਚਾਰ, ਸ਼ਲੀਲ-ਅਸ਼ਲੀਲ ਦਾ ਫਰਕ ਮਿਟ ਚੁੱਕਾ ਹੈ। ਮਨੁੱਖ ਦੀ ਵਾਣੀ ਦਾ ਪੱਧਰ ਡਿਗ ਰਿਹਾ ਹੈ। ਮਨੁੱਖ ਦੇ ਮੂੰਹੋਂ ਚੰਗੀਆਂ ਗੱਲਾਂ ਘੱਟ ਅਤੇ ਬੁਰੀਆਂ ਗੱਲਾਂ ਜ਼ਿਆਦਾ ਨਿਕਲ ਰਹੀਆਂ ਹਨ।
ਸ਼ਾਇਦ ਮੌਨ ਵਰਤ ਰੱਖਣ ਦੀ ਸ਼ੁਰੂਆਤ ਅਜਿਹੀਆਂ ਸਥਿਤੀਆਂ ਕਾਰਨ ਹੀ ਹੋਈ ਹੋਵੇਗੀ। ਮੌਨ ਸ਼ਬਦ ਮਨ 'ਚੋਂ ਹੀ ਨਿਕਲਿਆ ਹੈ। ਮਨ ਯਾਨੀ ਆਪਣੇ ਅੰਦਰ ਝਾਤੀ ਮਾਰਨ ਦਾ ਰਾਹ। ਲੰਬੇ ਸਮੇਂ ਤਕ ਮੌਨ ਹੋ ਕੇ ਵਿਅਕਤੀ ਆਪਣੀ ਸ਼ਖਸੀਅਤ ਦਾ ਮੁਕੰਮਲ ਮੁਲਾਂਕਣ ਕਰ ਸਕਦਾ ਹੈ।
ਸਿਰਫ ਇਕ ਦਿਨ ਲਈ ਮੌਨ ਵਰਤ ਰੱਖ ਕੇ ਅਸੀਂ ਇਸ ਦੀ ਮਹੱਤਤਾ ਤੋਂ ਵਾਕਿਫ ਹੋ ਸਕਦੇ ਹਾਂ। ਜਿਸ ਦਿਨ ਅਸੀਂ ਚੁੱਪ ਰਹੀਏ ਅਤੇ ਜਿਸ ਦਿਨ ਕੁਝ ਨਾ ਕੁਝ ਬੋਲਦੇ ਰਹੀਏ, ਦੋਵੇਂ ਦਿਨ ਸਾਨੂੰ 2 ਉਲਟ ਅਨੁਭਵ ਕਰਾਉਂਦੇ ਹਨ। ਜਿਸ ਦਿਨ ਅਸੀਂ ਬੋਲਦੇ ਰਹਿੰਦੇ ਹਾਂ, ਖੁਦ ਅਤੇ ਆਂਢ-ਗੁਆਂਢ ਨੂੰ ਸਿਰਫ ਬਾਹਰੀ ਦ੍ਰਿਸ਼ਟੀ ਨਾਲ ਦੇਖਦੇ ਹਾਂ। ਉਥੇ ਹੀ ਜਿਸ ਦਿਨ ਅਸੀਂ ਮੌਨ ਵਰਤ ਰੱਖ ਕੇ ਆਪਣੇ ਫਰਜ਼ ਨਿਭਾਉੇਂਦੇ ਹਾਂ, ਉਸ 'ਚ ਸਾਨੂੰ ਖੁਦ ਅਤੇ ਸੰਸਾਰ ਨੂੰ ਦੇਖਣ ਦੀ ਇਕ ਉਦਾਰ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਜੇ ਮੌਨ ਰਹਿਣ ਦਾ ਅਭਿਆਸ ਹਰ ਦਿਨ ਹੋਵੇ ਤਾਂ ਅਸੀਂ ਖੁਦ ਤੇ ਸੰਸਾਰ ਪ੍ਰਤੀ ਉਦਾਰ ਹੋ ਸਕਦੇ ਹਾਂ।