ਨੌਜਵਾਨ ਨੂੰ ਕਤਲ ਕਰ ਕੇ ਪਲਾਟ ''ਚ ਸੁੱਟਿਆ

03/22/2018 8:15:07 AM

ਪਟਿਆਲਾ  (ਬਲਜਿੰਦਰ) - ਸ਼ਹਿਰ ਦੇ ਸਨੌਰੀ ਅੱਡਾ ਇਲਾਕੇ ਵਿਚ ਵੱਡੀ ਨਦੀ ਕੋਲ ਇਕ ਨੌਜਵਾਨ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਖਾਲੀ ਪਲਾਟ ਵਿਚ ਸੁੱਟ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਧਰਮਵੀਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ। ਉਹ ਪਟਿਆਲਾ ਵਿਖੇ ਹੀ ਆਪਣੀ ਭੈਣ ਸ਼ਕੁੰਤਲਾ ਕੋਲ ਰਹਿੰਦਾ ਸੀ। ਅੱਜ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਦੀ ਲਾਸ਼ ਖਾਲੀ ਪਲਾਟ ਵਿਚ ਪਈ ਹੈ। ਡੀ. ਐੱਸ. ਪੀ. ਸਿਟੀ-1 ਸੌਰਵ ਜਿੰਦਲ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਮੌਕੇ 'ਤੇ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਵੀ ਬੁਲਾ ਲਿਆ। ਜਦੋਂ ਲਾਸ਼ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਗਲ 'ਤੇ ਨਿਸ਼ਾਨ ਪਾਏ ਗਏ। ਇਸ ਤੋਂ ਸਾਬਤ ਹੋ ਰਿਹਾ ਸੀ ਕਿ ਧਰਮਵੀਰ ਨੂੰ ਕਿਸੇ ਵਿਅਕਤੀ ਨੇ ਗਲਾ ਘੁੱਟ ਕੇ ਮਾਰਿਆ ਹੈ। ਪੁਲਸ ਨੇ ਤੁਰੰਤ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਧਰਮਵੀਰ ਦੀ ਭੈਣ ਸ਼ਕੁੰਤਲਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ 302 ਤੇ 201 ਆਈ.ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਸਾਹਮਣੇ ਆਵੇਗਾ, ਉਸ ਦੇ ਆਧਾਰ 'ਤੇ ਕੇਸ ਵਿਚ ਵਾਧਾ ਕੀਤਾ ਜਾਵੇਗਾ। ਫਿਲਹਾਲ ਪੁਲਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਟੀਮ ਦਾ ਗਠਨ ਕਰ ਕੇ ਜਾਂਚ ਸ਼ੁਰੁ ਕਰ ਦਿੱਤੀ ਹੈ।


Related News