ਵਿਦਿਆਰਥੀਆਂ ਨੇ ਘੇਰਿਆ ਵਾਈਸ ਚਾਂਸਲਰ ਦਾ ਦਫਤਰ

03/22/2018 8:16:17 AM

ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਅਰਥ-ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੇ ਪੀ. ਯੂ. ਵੱਲੋਂ ਸ਼ੁਰੂ ਕੀਤੇ ਗਏ ਪੰਜ ਸਾਲਾ ਇੰਟੈਗਰੇਟਿਡ ਕੋਰਸ ਦੀ ਫੀਸ ਵਿਚ ਕੀਤੇ ਵਾਧੇ ਖਿਲਾਫ ਅੱਜ ਸਾਰਾ ਦਿਨ ਵਾਈਸ ਚਾਂਸਲਰ ਦਫਤਰ ਸਾਹਮਣੇ ਧਰਨਾ ਲਾ ਕੇ ਵੀ. ਸੀ. ਦਫਤਰ ਨੂੰ ਘੇਰੀ ਰੱਖਿਆ। ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿਚ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਧਰਨੇ 'ਚ ਸ਼ਾਮਲ ਹੋ ਕੇ ਇਸ ਸੰਘਰਸ਼ ਦੀ ਹਮਾਇਤ ਕੀਤੀ । ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਅੱਜ ਉਨ੍ਹਾਂ ਸਿਰਫ਼ ਇਕ ਵਿਭਾਗ ਨੂੰ ਬੁਲਾਇਆ ਹੈ। ਜੇ ਲੋੜ ਪਈ ਤਾਂ ਅਗਲੇ ਦਿਨਾਂ ਵਿਚ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ । ਧਰਨੇ ਦੌਰਾਨ ਜਦੋਂ ਵੀ ਵਾਈਸ-ਚਾਂਸਲਰ ਜਾਂ ਹੋਰ ਉੱਚ-ਅਧਿਕਾਰੀ ਲੰਘਦਾ ਸੀ ਤਾਂ ਵਿਦਿਆਰਥੀ ਨਾਅਰੇਬਾਜ਼ੀ ਕਰ ਕੇ ਉਨ੍ਹਾਂ ਨੂੰ ਸ਼ਰਮਸਾਰ ਕਰਦੇ ਰਹੇ। ਅਧਿਕਾਰੀ ਵੀ ਨੀਵੀਆਂ ਪਾਈ ਚੁੱਪ-ਚਾਪ ਲੰਘਦੇ ਰਹੇ ।ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਖਬਰ ਨੂੰ ਗੁੰਮਰਾਹਕੁੰੰਨ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਵਾਈਸ-ਚਾਂਸਲਰ ਸਮੇਤ ਯੂਨੀਵਰਸਿਟੀ ਪ੍ਰਸ਼ਾਸਨ ਨੇ ਬੱਬੂ ਮਾਨ ਦੇ ਅਖਾੜੇ ਲਵਾਉਣ ਸਬੰਧੀ ਤਾਂ ਵਿਦਿਆਰਥੀਆਂ ਨਾਲ 3-4 ਵਾਰ ਮੀਟਿੰਗ ਕੀਤੀ ਪਰ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੀ ਕੋਈ ਗੱਲ ਨਹੀਂ ਸੁਣੀ।
ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਇਕ ਹਿੱਸਾ ਵੀ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ । ਪੰਜਾਬੀ ਵਿਭਾਗ ਤੋਂ ਡਾ. ਸੁਰਜੀਤ ਤੇ ਅਰਥ-ਸ਼ਾਸਤਰ ਵਿਭਾਗ ਤੋਂ ਡਾ. ਅਨੁਪਮਾ ਨੇ ਧਰਨੇ ਵਿਚ ਆ ਕੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ । ਡਾ. ਸੁਰਜੀਤ ਨੇ ਕਿਹਾ ਕਿ ਅਰਥ-ਸ਼ਾਸਤਰ ਵਿਭਾਗ ਦੀਆਂ ਫੀਸਾਂ ਦਾ ਮਾਮਲਾ ਅਸਲ ਵਿਚ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਹਿੱਸਾ ਹੈ। ਇਸ ਸੰਕਟ ਦਾ ਕਾਰਨ ਸਰਕਾਰ ਵੱਲੋਂ ਵਿੱਤੀ ਇਮਦਾਦ ਨਾ ਦੇਣਾ ਹੈ ।
ਇਸ ਦੇ ਹੱਲ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਇਕ ਮੰਚ 'ਤੇ ਆ ਕੇ ਸਰਕਾਰ ਤੋਂ ਇਮਦਾਦ ਹਾਸਲ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਕਿਸੇ ਦਾ ਵੀ ਕੋਈ ਭਵਿੱਖ ਨਹੀਂ ਹੈ ।


Related News