ਸਹਿਯੋਗੀ ਪਾਰਟੀਆਂ ''ਚ ਵਧ ਰਹੀ ''ਨਾਰਾਜ਼ਗੀ'' ''ਭਾਜਪਾ ਲੀਡਰਸ਼ਿਪ ਹਲਕੇ ਤੌਰ ''ਤੇ ਨਾ ਲਵੇ''

03/22/2018 7:35:09 AM

ਇਸ ਸਮੇਂ ਦੇਸ਼ ਦੀ 'ਗ੍ਰੈਂਡ ਓਲਡ ਪਾਰਟੀ' ਕਾਂਗਰਸ ਹਾਸ਼ੀਏ 'ਤੇ ਅਤੇ ਭਾਜਪਾ ਸਫਲਤਾ ਦੇ ਸਿਖਰ 'ਤੇ ਹੈ, ਜਿਸ ਨੇ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਕੇਂਦਰ ਸਮੇਤ 21 ਸੂਬਿਆਂ 'ਚ ਦੇਸ਼ ਦੇ 75 ਫੀਸਦੀ ਹਿੱਸੇ ਤੇ 68 ਫੀਸਦੀ ਤੋਂ ਜ਼ਿਆਦਾ ਆਬਾਦੀ 'ਤੇ ਰਾਜ ਕਾਇਮ ਕਰ ਲਿਆ ਹੈ। ਫਿਲਹਾਲ ਇਸ ਨੂੰ ਕਿਸੇ ਵੱਡੀ ਪਾਰਟੀ ਤੋਂ ਤਾਂ ਚੁਣੌਤੀ ਮਿਲਦੀ ਦਿਖਾਈ ਨਹੀਂ ਦਿੰਦੀ ਸਗੋਂ ਕੁਝ ਸਹਿਯੋਗੀ ਪਾਰਟੀਆਂ ਭਾਜਪਾ ਲੀਡਰਸ਼ਿਪ ਤੋਂ ਨਾਰਾਜ਼ ਨਜ਼ਰ ਆ ਰਹੀਆਂ ਹਨ। 
ਹੁਣੇ ਜਿਹੇ ਭਾਜਪਾ ਦੀਆਂ 3 ਸਹਿਯੋਗੀ ਪਾਰਟੀਆਂ ਨੇ ਇਸ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਬਿਹਾਰ ਵਿਚ 'ਹਮ', ਆਂਧਰਾ ਪ੍ਰਦੇਸ਼ ਵਿਚ 'ਤੇਦੇਪਾ' ਅਤੇ ਮਹਾਰਾਸ਼ਟਰ ਵਿਚ 'ਸ਼ਿਵ ਸੈਨਾ' ਸ਼ਾਮਲ ਹਨ। 
ਹੁਣ ਇਸ ਲੜੀ 'ਚ ਯੂ. ਪੀ. 'ਚ ਸਹਿਯੋਗੀ 'ਸੁਹੇਲ ਦੇਵ ਭਾਰਤੀ ਸਮਾਜ ਪਾਰਟੀ' ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਯੋਗੀ ਆਦਿੱਤਿਆਨਾਥ ਦੀ ਸਰਕਾਰ 'ਤੇ ਗੱਠਜੋੜ ਧਰਮ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ ਹੈ।
18 ਮਾਰਚ ਨੂੰ ਇਕ ਰੈਲੀ ਵਿਚ ਭਾਜਪਾ ਆਗੂਆਂ 'ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ, ''ਸਰਕਾਰ ਦਾ ਧਿਆਨ ਸਿਰਫ ਮੰਦਿਰਾਂ 'ਤੇ ਕੇਂਦ੍ਰਿਤ ਹੈ, ਨਾ ਕਿ ਗਰੀਬਾਂ ਦੀ ਭਲਾਈ 'ਤੇ। ਇਹ ਲੋਕ 325 ਸੀਟਾਂ ਲੈ ਕੇ ਪਾਗਲ ਹੋ ਕੇ ਘੁੰਮ ਰਹੇ ਹਨ।''
''ਗੋਰਖਪੁਰ ਤੇ ਫੂਲਪੁਰ 'ਚ ਭਾਜਪਾ ਇਸ ਲਈ ਹਾਰੀ ਕਿਉਂਕਿ ਉਸ ਨੇ ਆਪਣੀਆਂ ਪਿਛਲੀਆਂ ਜਿੱਤਾਂ ਤੋਂ ਬਾਅਦ ਗਰੀਬ ਵੋਟਰਾਂ ਨੂੰ ਭੁਲਾ ਦਿੱਤਾ।'' 
ਸਪਾ ਤੇ ਬਸਪਾ ਸਮੇਤ ਭਾਜਪਾ ਦਾ ਨਾਂ ਲੈਂਦਿਆਂ ਉਨ੍ਹਾਂ ਨੇ ਗਰੀਬਾਂ ਨੂੰ ਕਦੇ ਵੀ 'ਅਮੀਰ ਪਾਰਟੀਆਂ' ਨੂੰ ਵੋਟ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ, ''ਦਿੱਲੀ ਤੇ ਲਖਨਊ ਦੀਆਂ ਸਰਕਾਰਾਂ ਨੇ ਗਰੀਬਾਂ ਦੀ ਉਸੇ ਤਰ੍ਹਾਂ ਅਣਦੇਖੀ ਕੀਤੀ ਹੈ, ਜਿਸ ਤਰ੍ਹਾਂ ਰਾਮ ਆਪਣੇ ਲਈ ਲੜਨ ਵਾਲੇ ਵਿਚਾਰੇ ਵਾਨਰਾਂ ਨੂੰ ਭੁੱਲ ਗਏ।''
''ਭਗਵਾਨ (ਰਾਮ) ਵਾਨਰਾਂ ਨੂੰ ਪਿੱਛੇ ਛੱਡ ਕੇ ਪੁਸ਼ਪਕ ਵਿਮਾਨ (ਉਡਣ ਖਟੋਲਾ) 'ਤੇ ਸਵਾਰ ਹੋ ਕੇ ਅਯੁੱਧਿਆ ਚਲੇ ਗਏ...ਉਸੇ ਤਰ੍ਹਾਂ ਜਿਹੜੇ ਨੇਤਾਵਾਂ ਨੂੰ ਤੁਸੀਂ ਵੋਟਾਂ ਦਿੱਤੀਆਂ, ਉਹ ਤੁਹਾਡੇ 'ਤੇ ਰਾਜ ਕਰਨ ਲਈ ਦਿੱਲੀ ਤੇ ਲਖਨਊ ਦੀ ਉਡਾਣ ਭਰ ਗਏ।''
''ਯੋਗੀ ਸਰਕਾਰ 'ਚ ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ। ਸਰਕਾਰ ਗਰੀਬਾਂ ਲਈ ਪਖਾਨੇ ਤੇ ਮਕਾਨ ਬਣਾਉਣ ਵਾਸਤੇ ਪੈਸਾ ਦਿੰਦੀ ਹੈ ਪਰ ਇਹ ਲਾਭ ਪ੍ਰਾਪਤ ਕਰਨ ਲਈ 2000 ਤੋਂ 20000 ਰੁਪਏ ਤਕ ਰਿਸ਼ਵਤ ਦੇਣੀ ਪੈਂਦੀ ਹੈ। ਜਦੋਂ ਕਦੇ ਵੀ ਮੈਂ ਭ੍ਰਿਸ਼ਟਾਚਾਰ ਬਾਰੇ ਯੋਗੀ ਆਦਿੱਤਿਆਨਾਥ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਦੇਖਣਗੇ ਅਤੇ ਹੁਣ ਲੋਕਾਂ ਨੇ ਉਨ੍ਹਾਂ ਨੂੰ ਉਪ-ਚੋਣਾਂ 'ਚ ਦਿਖਾ ਦਿੱਤਾ ਹੈ।''
ਓਮ ਪ੍ਰਕਾਸ਼ ਰਾਜਭਰ ਵਾਂਗ ਹੀ ਬਿਹਾਰ ਦੀ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ 18 ਮਾਰਚ ਨੂੰ ਭਾਜਪਾ ਲੀਡਰਸ਼ਿਪ ਨੂੰ ਸਲਾਹ ਦਿੰਦਿਆਂ ਕਿਹਾ ਕਿ ''ਇਸ ਨੂੰ ਸਮਾਜ ਦੇ ਸਾਰੇ ਵਰਗਾਂ ਦਾ ਭਰੋਸਾ ਜਿੱਤਣ ਤੇ ਘੱਟਗਿਣਤੀਆਂ ਪ੍ਰਤੀ ਆਪਣੀ ਧਾਰਨਾ ਬਦਲਣ ਦੀ ਲੋੜ ਹੈ।''
ਇਸ ਤੋਂ ਪਹਿਲਾਂ 17 ਮਾਰਚ ਨੂੰ ਵੀ ਪਾਸਵਾਨ ਨੇ ਕਾਂਗਰਸ ਪਾਰਟੀ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ ''ਇਸ ਨੇ ਕਈ ਦਹਾਕਿਆਂ ਤਕ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਦੇਸ਼ 'ਤੇ ਰਾਜ ਕੀਤਾ।'' ਉਨ੍ਹਾਂ ਨੇ ਸੀਨੀਅਰ ਭਾਈਵਾਲ ਭਾਜਪਾ ਦੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਕਿ ਉਹ 'ਸਬ ਕਾ ਸਾਥ ਸਬ ਕਾ ਵਿਕਾਸ' ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਵੇ।
ਜਿਥੇ ਬਿਹਾਰ 'ਚ ਜੀਤਨਰਾਮ ਮਾਂਝੀ ਦੀ ਪਾਰਟੀ 'ਹਮ' ਵਲੋਂ ਭਾਜਪਾ ਨਾਲੋਂ ਅੱਡ ਹੋਣ ਤੋਂ ਬਾਅਦ ਪਾਸਵਾਨ ਦੀ ਟਿੱਪਣੀ ਨੂੰ ਖਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ, ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ 20 ਮਾਰਚ ਨੂੰ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਉਕਤ ਬਿਆਨ ਦਾ ਸਮਰਥਨ ਕੀਤਾ ਤੇ ਕਿਹਾ ਕਿ ''ਭਾਜਪਾ ਨੂੰ ਘੱਟਗਿਣਤੀਆਂ ਪ੍ਰਤੀ ਆਪਣੀ ਧਾਰਨਾ ਬਦਲਣੀ ਪਵੇਗੀ। ਪਾਸਵਾਨ ਬਹੁਤ ਸੀਨੀਅਰ ਆਗੂ ਹਨ ਤੇ ਉਨ੍ਹਾਂ ਨੇ ਬਹੁਤ ਸੋਚਣ ਤੋਂ ਬਾਅਦ ਹੀ ਇਹ ਗੱਲ ਕਹੀ ਹੋਵੇਗੀ।''
ਅਸਿੱਧੇ ਤੌਰ 'ਤੇ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਨਿਤੀਸ਼ ਕੁਮਾਰ ਨੇ ਦੋ-ਟੁੱਕ ਕਿਹਾ ਕਿ ਬੇਸ਼ੱਕ ਹੀ ਉਹ ਕਿਸੇ ਵੀ ਗੱਠਜੋੜ ਦੇ ਨਾਲ ਰਹਿਣ ਪਰ ਉਨ੍ਹਾਂ ਦੀ ਮੂਲ ਧਾਰਨਾ 'ਚ ਤਬਦੀਲੀ ਨਹੀਂ ਹੋਈ। ਉਹ ਭ੍ਰਿਸ਼ਟਾਚਾਰ, ਸਮਾਜ ਨੂੰ ਤੋੜਣ ਤੇ ਵੰਡਣ ਵਾਲੀ ਨੀਤੀ ਨਾਲ ਸਮਝੌਤਾ ਨਹੀਂ ਕਰ ਸਕਦੇ। 
ਉਪ-ਚੋਣਾਂ 'ਚ ਹਾਰ ਤੇ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ ਦਰਮਿਆਨ ਓਮ ਪ੍ਰਕਾਸ਼ ਰਾਜਭਰ, ਰਾਮਵਿਲਾਸ ਪਾਸਵਾਨ ਤੇ ਨਿਤੀਸ਼ ਕੁਮਾਰ ਦੇ ਬਿਆਨ ਭਾਜਪਾ ਹਾਈਕਮਾਨ ਤੋਂ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਸਵੈ-ਮੰਥਨ ਕਰਨ ਦੀ ਮੰਗ ਕਰਦੇ ਹਨ। 
ਇਹ ਇਕ ਚਿਤਾਵਨੀ ਹੈ ਕਿ ਭਾਜਪਾ ਲੀਡਰਸ਼ਿਪ ਗਲਤਫਹਿਮੀ 'ਚ ਨਾ ਰਹੇ। ਜੇਕਰ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ ਵਧਦੀ ਗਈ ਤਾਂ ਉਹ ਇਸ ਦਾ ਸਾਥ ਛੱਡ ਵੀ ਸਕਦੀਆਂ ਹਨ ਤੇ ਇਸ ਦਾ ਖਮਿਆਜ਼ਾ ਭਾਜਪਾ ਨੂੰ ਹੀ ਆਖਿਰ 'ਚ ਭੁਗਤਣਾ ਪਵੇਗਾ।
—ਵਿਜੇ ਕੁਮਾਰ


Related News