ਬੱਚੀ ਨਾਲ ਗੈਂਗਰੇਪ ਦੇ ਚਾਰ ਦੋਸ਼ੀਆਂ ਨੂੰ 25-25 ਸਾਲ ਦੀ ਕੈਦ

03/22/2018 7:24:19 AM

ਲੁਧਿਆਣਾ (ਮਹਿਰਾ) - ਨਗਰ ਦੇ ਬਹੁ-ਚਰਚਿਤ ਨਾਬਾਲਗ ਬੱਚੀ ਨਾਲ ਗੈਂਗਰੇਪ ਕਰਨ ਦੇ 4 ਦੋਸ਼ੀਆਂ ਨੂੰ ਸਥਾਨਕ ਅਦਾਲਤ ਨੇ 25-25 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਅੱਜ ਗੈਂਗਰੇਪ ਕੇਸ ਦਾ ਨਿਪਟਾਰਾ ਕਰਦੇ ਹੋਏ ਯੋਗੇਸ਼ ਕੁਮਾਰ ਨਿਵਾਸੀ ਨੇੜੇ ਗਾਂਧੀ ਪ੍ਰਾਪਰਟੀ ਡੀਲਰ, ਚਰਨਜੀਤ ਸਿੰਘ ਉਰਫ ਚੰਨਾ ਨਿਵਾਸੀ ਹੈਬੋਵਾਲ ਕਲਾਂ, ਕੁਲਦੀਪ ਸਿੰਘ ਨਿਵਾਸੀ ਨਿਊ ਦੀਪ ਨਗਰ ਅਤੇ ਪਵਨ ਕੁਮਾਰ ਨਿਵਾਸੀ ਹੈਬੋਵਾਲ ਕਲਾਂ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਨੇ ਇਕ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਘਿਨੌਣਾ ਅਪਰਾਧ ਕੀਤਾ ਹੈ, ਜਿਸ ਦੇ ਲਈ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ।
ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਅਤੇ ਸਰਕਾਰੀ ਵਕੀਲ ਐੱਸ. ਐੱਸ. ਹੈਦਰ ਨੇ ਦੱਸਿਆ ਕਿ ਪੁਲਸ ਥਾਣਾ ਪੀ. ਏ. ਯੂ. ਵੱਲੋਂ ਉਪਰੋਕਤ ਦੋਸ਼ੀਆਂ ਤੋਂ ਇਲਾਵਾ ਦੋ ਹੋਰਨਾਂ ਦੋਸ਼ੀਆਂ ਰਾਹੁਲ ਕੁਮਾਰ ਉਰਫ ਕਾਲੀ ਅਤੇ ਰਾਹੁਲ ਕੁਮਾਰ ਨਿਵਾਸੀ ਗੋਪਾਲ ਨਗਰ ਖਿਲਾਫ 7 ਮਾਰਚ, 2015 ਨੂੰ ਗੈਂਗਰੇਪ ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਰਾਹੁਲ ਕੁਮਾਰ ਉਰਫ ਕਾਲੀ ਅਤੇ ਰਾਹੁਲ ਕੁਮਾਰ ਨਿਵਾਸੀ ਗੋਪਾਲ ਨਗਰ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ।
ਇਸ ਸਬੰਧੀ ਪੁਲਸ ਵੱਲੋਂ ਦਰਜ ਕੀਤੇ ਕੇਸ ਦੇ ਮੁਤਾਬਕ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ 6 ਮਾਰਚ ਨੂੰ ਸ਼ਾਮ 6 ਵਜੇ ਉਨ੍ਹਾਂ ਦੀ 13 ਸਾਲਾ ਬੇਟੀ ਦੁਕਾਨ ਤੋਂ ਦਹੀਂ ਲਿਆਉਣ ਲਈ ਗਈ ਸੀ ਪਰ ਵਾਪਸ ਨਹੀਂ ਆਈ। ਬਾਅਦ 'ਚ ਲੜਕੀ ਨੇ ਅਗਲੇ ਦਿਨ ਆਪਣੇ ਪਿਤਾ ਨੂੰ ਦੱਸਿਆ ਕਿ ਜਦੋਂ ਉਹ ਘਰ ਵਾਪਸ ਆ ਰਹੀ ਸੀ ਤਾਂ ਦੋਸ਼ੀ ਉਸ ਨੂੰ ਜ਼ਬਰਦਸਤੀ ਆਪਣੇ ਸਾਈਕਲ 'ਤੇ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ ਪਰ ਜਦੋਂ ਉਹ ਉੱਥੋਂ ਭੱਜ ਨਿਕਲੀ ਤਾਂ ਇਕ ਹੋਰ ਦੋਸ਼ੀ ਉਸ ਨੂੰ ਜ਼ਬਰਦਸਤੀ ਸਕੂਟਰ 'ਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਕੋਲ ਲੈ ਗਿਆ। ਜਿੱਥੇ 5-6 ਦੋਸ਼ੀਆਂ ਨੇ ਉਸ ਦੇ ਨਾਲ ਗੈਂਗਰੇਪ ਕੀਤਾ।  ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚਾਰੇ ਦੋਸ਼ੀਆਂ ਨੂੰ ਉਪਰੋਕਤ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਦੋਸ਼ੀਆਂ ਤੋਂ ਜੁਰਮਾਨੇ ਦੀ ਰਾਸ਼ੀ 4 ਲੱਖ ਰੁਪਏ ਵਸੂਲ ਹੁੰਦੀ ਹੈ ਤਾਂ ਇਹ ਰਾਸ਼ੀ ਪੀੜਤਾ ਨੂੰ ਅਦਾ ਕੀਤੀ ਜਾਵੇ।


Related News