ਵਿਜੀਲੈਂਸ ਨੇ ਰਿਟਾਇਰਡ ਐੱਸ. ਐੱਸ. ਪੀ. ਗਰੇਵਾਲ ਤੋਂ ਕੀਤੀ 5 ਘੰਟੇ ਪੁੱਛਗਿੱਛ

03/22/2018 7:27:09 AM

ਪਟਿਆਲਾ (ਬਲਜਿੰਦਰ) - ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਖਿਲਾਫ ਦਰਜ ਕੀਤੇ ਗਏ ਕੇਸ 'ਚ ਸੁਪਰੀਮ ਕੋਰਟ ਵੱਲੋਂ ਅਰੈਸਟ ਸਟੇਅ ਹੋਣ ਤੋਂ ਬਾਅਦ ਅੱਜ ਗਰੇਵਾਲ ਨੇ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ। ਗਰੇਵਾਲ ਲਗਭਗ 10 ਵਜੇ ਵਿਜੀਲੈਂਸ ਬਿਊਰੋ ਪਟਿਆਲਾ ਦੇ ਦਫ਼ਤਰ ਪਹੁੰਚੇ, ਜਿਥੇ 3 ਵਜੇ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ। ਰਿਟਾਇਰਡ ਐੱਸ. ਐੱਸ. ਪੀ. ਤੋਂ ਵਿਜੀਲੈਂਸ ਬਿਊੁਰੋ ਪਟਿਆਲਾ ਦੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ, ਡੀ. ਐੱਸ. ਪੀ. ਕੇ. ਡੀ. ਸ਼ਰਮਾ ਨੇ ਲਗਾਤਾਰ ਪੰਜ ਘੰਟੇ ਪੁੱਛਗਿੱਛ ਕੀਤੀ।
ਵਿਜੀਲੈਂਸ ਬਿਊਰੋ ਨੇ ਜਿਹੜੇ ਤੱਥਾਂ ਦੇ ਆਧਾਰ 'ਤੇ ਕੇਸ ਦਰਜ ਕੀਤੇ ਸਨ, ਉਨ੍ਹਾਂ ਦੀ ਪੂਰੀ ਲਿਸਟ ਸੁਰਜੀਤ ਸਿੰਘ ਗਰੇਵਾਲ ਦੇ ਅੱਗੇ ਰੱਖ ਦਿੱਤੀ ਅਤੇ ਇਕ ਤੋਂ ਬਾਅਦ ਇਕ ਸਵਾਲ ਕੀਤੇ ਗਏ। ਵਿਜੀਲੈਂਸ ਬਿਊਰੋ ਦੇ ਸੂਤਰਾਂ ਅਨੁਸਾਰ 10 ਕਰੋੜ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਿਹੜੇ ਤੱਥਾਂ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤਾ ਗਿਆ, ਦੀ ਪੂਰੀ ਲਿਸਟ ਅਤੇ ਸਬੂਤ ਗਰੇਵਾਲ ਨੂੰ ਦਿਖਾਏ ਗਏ ਅਤੇ ਉਸ ਤੋਂ ਪੁਸ਼ਟੀ ਕਰਵਾਈ ਗਈ। ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸੁਰਜੀਤ ਸਿੰਘ ਗਰੇਵਾਲ ਖਿਲਾਫ 21 ਦਸੰਬਰ 2017 ਨੂੰ ਐੱਫ. ਆਈ. ਆਰ. ਨੰਬਰ 20 ਦਰਜ ਕੀਤੀ ਗਈ ਸੀ। ਉਸ ਤੋਂ ਬਾਅਦ ਲਗਾਤਾਰ ਉਹ ਗਾਇਬ ਚਲੇ ਆ ਰਹੇ ਸਨ। ਗਰੇਵਾਲ ਨੇ ਪਹਿਲਾਂ ਆਪਣੇ ਵਕੀਲ ਕੁੰਦਨ ਸਿੰਘ ਨਾਗਰਾ ਦੇ ਜ਼ਰੀਏ ਪਟਿਆਲਾ ਸੈਸ਼ਨ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਲਾਈ। ਜੋ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤੀ। ਉਸ ਤੋਂ ਬਾਅਦ ਮਾਣਯੋਗ ਹਾਈ ਕੋਰਟ ਵੱਲੋਂ ਵੀ ਅਰਜ਼ੀ ਰੱਦ ਕਰ ਦਿੱਤੀ ਗਈ। ਗਰੇਵਾਲ ਆਪਣੇ ਵਕੀਲ ਜ਼ਰੀਏ ਮਾਣਯੋਗ ਸੁਪਰੀਮ ਕੋਰਟ ਦੀ ਸ਼ਰਨ ਵਿਚ ਗਏ। ਸੁਪਰੀਮ ਕੋਰਟ ਨੇ ਬੀਤੀ 16 ਮਾਰਚ ਨੂੰ ਸੁਰਜੀਤ ਸਿੰਘ ਗਰੇਵਾਲ ਖਿਲਾਫ ਦਰਜ ਕੇਸ ਵਿਚ ਅਰੈਸਟ ਸਟੇਅ ਦੇ ਹੁਕਮ ਜਾਰੀ ਕਰਦੇ ਹੋਏ ਗਰੇਵਾਲ ਨੂੰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਦੇਣ ਲਈ ਕਿਹਾ। ਉਸ ਤੋਂ ਬਾਅਦ ਗਰੇਵਾਲ ਅੱਜ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਜਾਂਚ ਲਈ ਪਹੁੰਚੇ।
ਸੁਰਜੀਤ ਸਿੰਘ ਗਰੇਵਾਲ ਦੇ ਪਟਿਆਲਾ ਆਉਣ ਦੀ ਭਿਣਕ ਪਹਿਲਾਂ ਹੀ ਮੀਡੀਆ ਨੂੰ ਲੱਗ ਚੁੱਕੀ ਸੀ। ਉਹ ਪਹਿਲਾਂ ਹੀ ਇਕਦਮ ਆ ਕੇ ਇਕ ਇੰਸਪੈਕਟਰ ਦੇ ਕਮਰੇ ਵਿਚ ਵੜ ਗਿਆ ਤੇ ਮੀਡੀਆ ਕਰਮਚਾਰੀ ਬਾਹਰ ਖੜ੍ਹੇ ਰਹੇ। ਕਾਫੀ ਦੇਰ ਜਦੋਂ ਉਥੋਂ ਕੋਈ ਨਾ ਹਿੱਲਿਆ ਤਾਂ ਅਚਾਨਕ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਉਸ ਨੂੰ ਕਮਰੇ ਤੋਂ ਲੈ ਕੇ ਐੱਸ. ਐੱਸ. ਪੀ. ਦਫ਼ਤਰ ਤੱਕ ਲੈ ਕੇ ਗਏ। ਇਸੇ ਦੌਰਾਨ ਜਦੋਂ ਗਰੇਵਾਲ ਤੋਂ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੇਸ ਅਤੇ ਲਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਗਰੇਵਾਲ ਨੇ ਕਾਫੀ ਤਲਖ-ਕਲਾਮੀ ਦਿਖਾਈ ਅਤੇ ਮੀਡੀਆ ਕਰਮਚਾਰੀਆਂ 'ਤੇ ਭੜਕ ਪਏ। ਇਸ ਤਲਖ-ਕਲਾਮੀ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਾਏ ਸਮੁੱਚੇ ਦੋਸ਼ ਝੂਠੇ ਹਨ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਉਸ ਨੂੰ ਐੱਸ. ਐੱਸ. ਪੀ. ਦਫ਼ਤਰ ਦੇ ਅੰਦਰ ਲੈ ਗਏ, ਜਿਥੇ 3 ਵਜੇ ਤੋਂ ਬਾਅਦ ਹੀ ਉਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਗਰੇਵਾਲ ਨੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਹੈ ਅਤੇ ਹੁਣ ਨਿਯਮਾਂ ਅਨੁਸਾਰ ਉਨ੍ਹਾਂ ਤੋਂ ਸਮੁੱਚੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਹੋਰ ਖੁਲਾਸੇ ਹੋਏ ਤਾਂ ਉਨ੍ਹਾਂ ਦੀ ਪ੍ਰਾਪਰਟੀਜ਼ ਨੂੰ ਵੀ ਪੁਰਾਣੇ ਕੇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।


Related News