ਅਮਰਨਾਥ ਯਾਤਰਾ ਦੌਰਾਨ ਸੰਚਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ

03/22/2018 7:16:54 AM

ਜਲੰਧਰ/ਗੁਰਦਾਸਪੁਰ (ਧਵਨ, ਹਰਮਨਪ੍ਰੀਤ, ਦੀਪਕ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਲੀਡਰਸ਼ਿਪ 'ਚ ਅੱਜ ਕਾਂਗਰਸੀ ਸੰਸਦ ਮੈਂਬਰਾਂ ਨੇ ਦਿੱਲੀ 'ਚ ਕੇਂਦਰੀ ਸੰਚਾਰ ਮੰਤਰੀ ਮਨੋਜ ਸਿਨ੍ਹਾ ਨਾਲ ਮੁਲਾਕਾਤ ਕਰ ਕੇ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਬਿਹਤਰ ਸੰਚਾਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਮਾਮਲਾ ਉਠਾਇਆ। ਸਿਨ੍ਹਾ ਨਾਲ ਮੁਲਾਕਾਤ ਕਰਨ ਵਾਲੇ ਹੋਰ ਸੰਸਦ ਮੈਂਬਰਾਂ 'ਚ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਸਨ।
ਜਾਖੜ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਸ੍ਰੀ ਅਮਰਨਾਥ ਲੰਗਰ ਸੇਵਾ ਕਮੇਟੀ ਅਬੋਹਰ ਜਿਸ ਦੀਆਂ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਵੀ ਬ੍ਰਾਂਚਾਂ ਹਨ, ਨੇ ਅਮਰਨਾਥ ਯਾਤਰਾ ਦੌਰਾਨ ਪਹਿਲਗਾਂਵ, ਚੰਦਨਬਾੜੀ ਰੂਟ 'ਤੇ ਪਿਸੂ ਟਾਪ ਦੇ ਨੇੜੇ ਪੀ. ਸੀ. ਓ. ਅਤੇ ਮੋਬਾਇਲ ਟਾਵਰ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਲਾਭ ਹੋ ਸਕੇ। ਪਿਸੂ ਟਾਪ ਖੇਤਰ 'ਤੇ ਸੰਚਾਰ ਸਹੂਲਤਾਂ ਨਾ ਹੋਣ ਕਾਰਨ ਸ਼ਰਧਾਲੂਆਂ ਅਤੇ ਲੰਗਰ ਲਾਉਣ ਵਾਲੇ ਸੰਗਠਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਖੜ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਬੀ. ਐੱਸ. ਐੱਨ. ਐੱਲ. ਨੇ ਪਿਸੂ ਟਾਪ 'ਤੇ ਇਕ ਪੀ. ਸੀ. ਓ. ਚਲਾਇਆ ਸੀ ਜੋ ਕਿ ਲਾਭਦਾਇਕ ਸਿੱਧ ਹੋਇਆ ਸੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਅਮਰਨਾਥ ਯਾਤਰਾ 'ਤੇ ਦੇਸ਼ ਅਤੇ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਭੋਲੇ ਬਾਬਾ ਦੇ ਦਰਸ਼ਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਸਤੇ 'ਚ ਉਚਿਤ ਅਤੇ ਲੋੜੀਂਦੀਆਂ ਮੋਬਾਇਲ ਫੋਨ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।


Related News