ਚੇਤ ਮਹੀਨੇ ਦੇ ਪਹਿਲੇ ਮੀਂਹ ਨੇ ਮੌਸਮ ਕੀਤਾ ਸੁਹਾਵਣਾ

03/22/2018 7:00:11 AM

ਕਪੂਰਥਲਾ, (ਗੁਰਵਿੰਦਰ ਕੌਰ)- ਚੇਤ ਮਹੀਨੇ ਦੇ ਪਹਿਲੇ ਮੀਂਹ ਨੇ ਜਿਥੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ, ਉਥੇ ਹੀ ਤੇਜ਼ ਹਵਾਵਾਂ ਤੇ ਹੋਏ ਤੇਜ਼ ਮੀਂਹ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ। ਸਵੇਰ ਤੋਂ ਹੀ ਪਏ ਭਾਰੀ ਮੀਂਹ ਤੇ ਚੱਲੀਆਂ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਪਰ ਕਪੂਰਥਲਾ ਸ਼ਹਿਰ 'ਚ ਬਰਸਾਤੀ ਪਾਣੀ ਦੇ ਮਾੜੇ ਨਿਕਾਸੀ ਪ੍ਰਬੰਧਾਂ ਦੇ ਕਾਰਨ ਮੀਂਹ ਦਾ ਪਾਣੀ ਭਾਰੀ ਮਾਤਰਾ 'ਚ ਸੜਕਾਂ 'ਤੇ ਭਰ ਗਿਆ, ਜਿਸ ਕਾਰਨ ਰਾਹਗੀਰਾਂ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਵਰਣਨਯੋਗ ਹੈ ਕਿ ਡੀ. ਸੀ. ਦਫਤਰ, ਸਦਰ ਬਾਜ਼ਾਰ, ਮਾਲ ਰੋਡ ਆਦਿ ਥਾਵਾਂ 'ਤੇ ਮੀਂਹ ਦਾ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਬਾਜ਼ਾਰਾਂ 'ਚ ਖਰੀਦਦਾਰੀ ਕਰਨ ਤੇ ਆਪਣੇ ਰੋਜ਼ਮਰਾ ਦੇ ਕੰਮ ਕਰਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਕੋਟੂ ਚੌਕ ਨੇ ਛੱਪੜ ਦਾ ਰੂਪ ਧਾਰਣ ਕਰ ਲਿਆ, ਜਿਸ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਦਾਖਲ ਹੋ ਗਿਆ ਤੇ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਆਪਣੇ ਦੋਪਹੀਆ ਵਾਹਨ ਪੈਦਲ ਚੱਲ ਕੇ ਪਾਣੀ 'ਚੋਂ ਲੰਘਾਉਣ ਲਈ ਮਜਬੂਰ ਹੋਣਾ ਪਿਆ।
ਪੱਕੀਆਂ ਸੜਕਾਂ ਬਣੀਆਂ ਛੱਪੜ ਅਤੇ ਕੱਚੀਆਂ ਦਲਦਲ : ਪੱਕੀਆਂ ਸੜਕਾਂ 'ਤੇ ਜਿਥੇ ਬਰਸਾਤ ਦਾ ਪਾਣੀ ਜਮ੍ਹਾ ਹੋ ਕੇ ਛੱਪੜ ਦੇ ਰੂਪ 'ਚ ਤਬਦੀਲ ਹੋ ਗਿਆ ਹੈ, ਉਥੇ ਹੀ ਕਪੂਰਥਲਾ ਸ਼ਹਿਰ ਦੀਆਂ ਕੁਝ ਕੱਚੀਆਂ ਸੜਕਾਂ ਦਲਦਲ ਦੇ ਰੂਪ 'ਚ ਤਬਦੀਲ ਹੋ ਗਈਆਂ ਹਨ। ਜੇਕਰ ਆਉਣ ਵਾਲੇ ਦਿਨਾਂ 'ਚ ਮੀਂਹ ਪੈਂਦਾ ਹੈ ਤਾਂ ਸ਼ਹਿਰ 'ਚ ਬਰਸਾਤੀ ਪਾਣੀ ਹੋਰ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਕਿਸਾਨਾਂ ਦੀ ਚਿੰਤਾ ਵਧੀ : ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਕਰੀਬ ਪੱਕ ਕੇ ਤਿਆਰ ਹੋ ਚੁੱਕੀ ਫਸਲ ਲਈ ਵੀ ਇਹ ਮੀਂਹ ਨੁਕਸਾਨ ਸਿੱਧ ਹੋ ਸਕਦਾ ਹੈ, ਜਿਥੇ ਇਸ ਵਾਰ ਕਣਕ ਦੀ ਫਸਲ ਤੋਂ ਜ਼ਿਆਦਾ ਝਾੜ ਆਉਣ ਦੀ ਉਮੀਦ ਹੈ ਉਥੇ ਹੀ ਜੇਕਰ ਆਉਣ ਵਾਲੇ ਦਿਨਾਂ 'ਚ ਮੀਂਹ ਪੈਂਦਾ ਹੈ ਤਾਂ ਕਣਕ ਬੀਜਣ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। 
ਕੀ ਕਹਿੰਦੇ ਹਨ ਖੇਤੀਬਾੜੀ ਮਾਹਰ
ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਬੱਦਲਵਾਈ ਰਹਿੰਦੀ ਹੈ ਓਨ੍ਹੀ ਦੇਰ ਤਕ ਕਿਸਾਨ ਆਪਣੇ-ਆਪਣੇ ਖੇਤਾਂ ਨੂੰ ਪਾਣੀ, ਸਪਰੇਅ ਆਦਿ ਨਾ ਕਰਨ। 


Related News