ਅਧਿਆਪਕਾਂ ਵੱਲੋਂ ਵਰ੍ਹਦੇ ਮੀਂਹ ''ਚ ਰੋਸ ਪ੍ਰਦਰਸ਼ਨ

03/22/2018 6:54:10 AM

ਕਪੂਰਥਲਾ, (ਮੱਲ੍ਹੀ)¸ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਨੇ ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿਚ ਜ਼ਿਲਾ ਪੱਧਰੀ ਰੋਸ ਧਰਨੇ ਤੇ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਦੇ ਜਾਰੀ ਹੁਕਮ ਪੱਤਰਾਂ ਦੀਆਂ 'ਪੱਤਰੀ ਫੂਕ' ਰੋਸ ਪ੍ਰਦਰਸ਼ਨ ਕਰਨ ਲਈ ਡੀ. ਈ. ਓ. (ਐਲੀ.) ਦਫਤਰ ਵਿਖੇ ਵਰ੍ਹਦੇ ਮੀਂਹ 'ਚ ਵੱਡੀ ਗਿਣਤੀ ਵਿਚ ਅਧਿਆਪਕ ਪਹੁੰਚੇ। 
ਉਕਤ 'ਪੱਤਰੀ ਫੂਕ' ਰੋਸ ਪ੍ਰਦਰਸ਼ਨ ਦੀ ਅਗਵਾਈ ਰਸ਼ਪਾਲ ਸਿੰਘ ਵੜੈਚ, ਗੁਰਮੇਜ ਸਿੰਘ, ਸਰਤਾਜ ਸਿੰਘ, ਸੁਖਦਿਆਲ ਸਿੰਘ ਝੰਡ, ਅਰੁਣਦੀਪ ਸਿੰਘ, ਨਿਸ਼ਾਤ ਕੁਮਾਰ ਤੇ ਪੰਕਜ ਬਾਬੂ ਤੇ ਨਰੇਸ਼ ਕੋਹਲੀ, ਕਮਲਜੀਤ ਸਿੰਘ ਤੇ ਵਰਿੰਦਰ ਸਿੰਘ ਆਦਿ ਨੇ ਕੀਤੀ, ਜਿਨ੍ਹਾਂ ਤੇਜ਼ ਵਰ੍ਹਦੇ ਮੀਂਹ ਵਿਚ ਪਹੁੰਚੇ ਅਧਿਆਪਕ ਤੇ ਅਧਿਆਪਕਾਵਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਧਿਆਪਕ ਵਰਗ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਸਮੇਂ-ਸਮੇਂ 'ਤੇ ਤੁਗਲਕੀ ਫਰਮਾਨ ਜਾਰੀ ਕਰ ਰਹੀ ਹੈ, ਜਿਸ ਨੂੰ ਲੈ ਕੇ ਅਧਿਆਪਕ ਵਰਗ ਵਿਚ ਬੇਚੈਨੀ ਪਾਈ ਜਾ ਰਹੀ ਹੈ।
ਬੁਲਾਰਿਆਂ ਆਖਿਆ ਕਿ ਸਰਕਾਰ ਰੈਗੂਲਰ ਕਰਨ ਦੀ ਮੰਗ ਕਰਨ ਵਾਲੇ ਅਧਿਆਪਕਾਂ ਦੀ ਤਨਖਾਹ ਵਿਚੋਂ 75 ਫੀਸਦੀ ਕਟੌਤੀ ਕਰ ਕੇ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਆਪਣੀ ਤਨਖਾਹ ਦੀ ਮੰਗ ਕਰਨ ਵਾਲੇ ਰਾਜਪਾਲ ਨਾਂ ਦੇ ਅਧਿਆਪਕ ਨੂੰ ਸਸਪੈਂਡ ਕਰਨਾ ਵਿਭਾਗ ਦੀ ਨਾਦਰਸ਼ਾਹੀ ਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ 7 ਸਾਲ ਸਟੇਅ ਵਾਲੇ ਅਧਿਆਪਕਾਂ ਦੀ ਜਬਰੀ ਬਦਲੀ ਕਰਨਾ, ਸਿੱਖਿਆ ਪ੍ਰੋੋਵਾਈਡਰਾਂ ਨੂੰ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਨਾ ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫੈਸਲੇ ਹਨ, ਜਿਨ੍ਹਾਂ ਨੂੰ ਰੱਦ ਕਰਾਉੁਣ ਲਈ ਮੰਚ ਵੱਲੋਂ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। 
ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਦੋਗਲੀਆਂ ਨੀਤੀਆਂ ਤੋਂ ਤੰਗ ਆ ਕੇ ਮੰਚ ਦੀ ਹਮਾਇਤ ਕਰਦਿਆਂ ਪੰਜਾਬ ਭਰ ਦੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਨਾਲ ਜੁੜੇ ਬੀ. ਐੱਮ. ਟੀਜ਼ ਤੇ ਸੀ. ਐੱਮ. ਟੀਜ਼ ਅਧਿਆਪਕਾਂ ਨੇ ਪ੍ਰਾਜੈਕਟ ਨਾਲੋਂ ਨਾਤਾ ਤੋੜਿਆ, ਜੋ ਆਪਣੇ ਅਸਤੀਫੇ ਦੇਣੇ ਸਨ, ਦਾ ਮਾਮਲਾ 2 ਅਪ੍ਰੈਲ ਤਕ ਮੁਲਤਵੀ ਕੀਤਾ ਗਿਆ। ਮੰਚ ਨੇ ਐਲਾਨ ਕੀਤਾ ਕਿ ਉਹ ਆਧਿਆਪਕਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਦੀਨਾਨਗਰ ਵਿਚ ਸਥਿਤ ਨਿੱਜੀ ਰਿਹਾਇਸ਼ ਦਾ ਘੇਰਾਓ ਕੀਤਾ ਜਾਵੇਗਾ। 2 ਅਪ੍ਰੈਲ ਤੋਂ ਅਧਿਆਪਕ ਗੈਰ ਵਿਦਿਅਕ ਕੰਮਾਂ ਦਾ ਬਾਈਕਾਟ ਕਰ ਕੇ ਸਿਰਫ ਆਪੋ-ਆਪਣੇ ਸਕੂਲਾਂ ਵਿਚ ਪੜ੍ਹਾਉਣਗੇ ਹੀ।
'ਪਰਤੀ ਫੂਕ' ਰੋਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਰਵੀ ਵਾਰੀ, ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ, ਸਤਵਿੰਦਰ ਕੌਰ, ਮੀਨਾਕਸ਼ੀ, ਰਜਨੀ ਵਾਲੀਆ, ਇੰਦਰਜੀਤ ਸਿੰਘ, ਅਜੈ ਕੁਮਾਰ ਫਗਵਾੜਾ, ਕਮਲਜੀਤ ਨੰਗਲ, ਗੁਰਦੇਵ ਸਿੰਘ ਬਾਗੜੀਆ, ਲਕਸ਼ਦੀਪ ਸ਼ਰਮਾ, ਮਨਜੀਤ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਵਿਪਨ ਕੁਮਾਰ, ਸੁਰਿੰਦਰਜੀਤ ਸਿੰਘ, ਹਰਜਿੰਦਰ ਢੋਟ, ਦਲਜੀਤ ਸੈਣੀ, ਤਰਲੋਚਨ ਸਿੰਘ, ਬਿਕਰਮਜੀਤ ਸਿੰਘ ਆਦਿ ਨੇ ਪੰਜਾਬ ਸਰਕਾਰ ੇਤੇ ਸਿੱਖਿਆ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਗੈਰ ਵਿਦਿਅਕ ਕੰਮਾਂ ਦੇ ਬਾਈਕਾਟ ਉਪਰੰਤ ਜੇ ਵਿਭਾਗ/ਸਰਕਾਰ ਨੇ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਅਧਿਆਪਕ ਵਰਗ ਆਪੋ-ਆਪਣੇ ਸਕੂਲ ਬੰਦ ਕਰ ਕੇ ਸੜਕਾਂ 'ਤੇ ਬੈਠ ਜਾਣਗੇ।


Related News