''ਮਰ'' ਕੇ ਵੀ ''ਜ਼ਿੰਦਾ'' ਹਨ ਚਿਤਾ ''ਚ ਸੜੀਆਂ ਲਾਸ਼ਾਂ

03/22/2018 6:46:27 AM

ਅੰਮ੍ਰਿਤਸਰ,   (ਸ. ਹ./ਨਵਦੀਪ)-  ਇਹ ਸ਼ਮਸ਼ਾਨਘਾਟ ਪੱਛਮੀ ਵਿਧਾਨ ਸਭਾ ਦੇ ਤਪੋਵਨ 'ਚ ਹੈ। ਨਗਰ ਨਿਗਮ ਦੇ 4 ਵਾਰਡਾਂ-55, 56, 72 ਤੇ 74 ਤੋਂ ਇਸ ਸ਼ਮਸ਼ਾਨਘਾਟ 'ਚ ਚਿਤਾਵਾਂ ਸਾੜਣ ਤੇ ਦਫਨਾਉਣ ਲਈ ਲਿਆਂਦੀਆਂ ਜਾਂਦੀਆਂ ਹਨ।
ਪ੍ਰੇਮ ਨਗਰ, ਗੁਰੂ ਨਾਨਕਪੁਰਾ, ਇਸਲਾਮਾਬਾਦ, ਢਪਈ, ਭੂਤਨਪੁਰਾ, ਰੋਡੇ ਸ਼ਾਹ ਕਾਲੋਨੀ, ਛੋਟਾ ਹਰੀਪੁਰਾ, ਵੱਡਾ ਹਰੀਪੁਰਾ 'ਚ ਪ੍ਰਲੋਕ ਸਿਧਾਰਨ ਵਾਲੀਆਂ ਸੈਂਕੜੇ ਚਿਤਾਵਾਂ ਭਾਵੇਂ ਹੀ ਉਕਤ ਸ਼ਮਸ਼ਾਨਘਾਟ 'ਚ ਸੜ ਚੁੱਕੀਆਂ ਹਨ ਪਰ ਸਰਕਾਰੀ ਕਾਗਜ਼ਾਂ ਵਿਚ 'ਮਰ' ਕੇ ਵੀ 'ਜ਼ਿੰਦਾ' ਹਨ ਤਮਾਮ ਲਾਸ਼ਾਂ। ਇਸ ਸ਼ਮਸ਼ਾਨਘਾਟ 'ਚ ਸੜੀਆਂ ਚਿਤਾਵਾਂ ਤੇ ਦਫਨ ਹੋਏ ਲੋਕ ਕਾਗਜ਼ਾਂ 'ਚ ਜ਼ਿੰਦਾ ਹਨ। ਇਸ ਸ਼ਮਸ਼ਾਨਘਾਟ ਦਾ ਰਿਕਾਰਡ ਨਗਰ ਨਿਗਮ ਦੇ ਜਨਮ ਤੇ ਮੌਤ ਪੰਜੀਕਰਨ ਦਫਤਰ ਤੱਕ ਪਹੁੰਚਦਾ ਹੀ ਨਹੀਂ।
ਜ਼ਿੰਦਗੀ ਦੇ ਸਫਰ ਦਾ ਆਖਰੀ ਸਟੇਸ਼ਨ 'ਲਾਵਾਰਸ' ਦਿੱਸਿਆ। ਨਾ ਕੋਈ ਕਮੇਟੀ ਤੇ ਨਾ ਕੋਈ ਰਿਕਾਰਡ। ਅਜਿਹੇ 'ਚ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦਾ ਸਾਫ ਟਾਰਗੈੱਟ ਅਜਿਹੇ ਸ਼ਮਸ਼ਾਨਘਾਟ ਹੋ ਸਕਦੇ ਹਨ, ਜਿਥੇ ਨਾ ਕੋਈ ਸਰਕਾਰੀ ਰਜਿਸਟਰ ਹੈ ਤੇ ਨਾ ਕੋਈ ਸਰਕਾਰੀ ਫਰਮਾਨ। ਇਹ ਸ਼ਮਸ਼ਾਨਘਾਟ ਉਸ ਸਲੱਮ ਇਲਾਕੇ 'ਚ ਹੈ ਜਿਥੇ ਨਸ਼ੇ ਕਾਰਨ ਪਿਉ-ਪੁੱਤ ਅਤੇ ਭਰਾ-ਭਰਾ ਦਾ ਦੁਸ਼ਮਣ ਬਣ ਜਾਂਦਾ ਹੈ, ਕ੍ਰਾਈਮ ਦਾ ਗ੍ਰਾਫ ਸਭ ਤੋਂ ਵੱਧ ਇਸ ਸ਼ਮਸ਼ਾਨਘਾਟ ਦੇ ਆਲੇ-ਦੁਆਲੇ ਇਲਾਕੇ 'ਚ ਹੈ। ਉਕਤ ਇਲਾਕੇ 'ਚ ਦਾਜ ਅਤੇ ਨਾਜਾਇਜ਼ ਸਬੰਧਾਂ 'ਚ ਹੋਣ ਵਾਲੀਆਂ ਹੱਤਿਆਵਾਂ ਦੇ ਮਾਮਲੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਹੋ ਨਹੀਂ ਬੇਰੋਜ਼ਗਾਰੀ, ਗਰੀਬੀ ਤੇ ਅਨਪੜ੍ਹਤਾ ਇਸ ਇਲਾਕੇ 'ਚ ਖੂਬ ਹੈ। ਗਰੀਬੀ ਪਰਿਵਾਰਾਂ ਦੀ ਖੁਦਕੁਸ਼ੀ ਵੀ ਇਸ ਇਲਾਕੇ 'ਚ ਹੁੰਦੀ ਰਹਿੰਦੀ ਹੈ। ਅਜਿਹੇ 'ਚ ਇਸ ਸ਼ਮਸ਼ਾਨਘਾਟ 'ਚ ਸੜਣ ਵਾਲੀਆਂ ਲਾਸ਼ਾਂ ਜਾਂ ਦਫਨਾਈਆਂ ਜਾ ਰਹੀਆਂ ਲਾਸ਼ਾਂ ਦੀ ਸ਼ਨਾਖਤ ਇਲਾਕੇ ਦਾ ਐੱਸ. ਐੱਚ. ਓ. ਕਰੇ ਜਾਂ ਫਿਰ ਕਮੇਟੀ ਬਣਾ ਕੇ ਇਹ ਜ਼ਿੰਮੇਵਾਰੀ ਕੌਂਸਲਰ ਉਠਾਉਣ।
ਸ਼ਮਸ਼ਾਨਘਾਟ 'ਚ ਅਖਾੜਾ ਚੱਲਦਾ ਹੈ, ਮਿੱਟੀ 'ਚ ਖੇਡ ਰਹੇ ਪਹਿਲਵਾਨਾਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਭ ਤੋਂ ਵੱਧ ਚਿਤਾਵਾਂ ਨਸ਼ੇ ਨੇ ਸਾੜੀਆਂ ਹਨ, ਨਸ਼ਾ ਇਲਾਕੇ 'ਚ ਬਹੁਤ ਹੈ।


Related News