ਹੰਝੂ ਪੂੰਝਦੀ ਹੋਈ ਬੋਲੀ ਬੇਟੀ, ਜ਼ਰੂਰ ਪੂਰਾ ਕਰਾਂਗੀ ਪਿਤਾ ਦਾ ਸੁਪਨਾ

03/22/2018 5:58:17 AM

ਲੁਧਿਆਣਾ(ਵਿੱਕੀ)-ਮੈਂ ਆਪਣੇ ਪਿਤਾ ਨੂੰ ਉਸ ਸਮੇਂ ਆਖਰੀ ਵਾਰ ਵੇਖਿਆ ਸੀ ਜਦੋਂ ਮੈਂ 8 ਸਾਲ ਦੀ ਸੀ ਅਤੇ ਉਹ ਇਰਾਕ ਚਲੇ ਗਏ ਤਾਂ ਕਿ ਉਥੇ ਕੰਮ ਕਰ ਕੇ ਚੰਗੇ ਪੈਸੇ ਘਰ ਭੇਜਣਗੇ । ਉਹ ਮੈਨੂੰ ਇਹੀ ਕਿਹਾ ਕਰਦੇ ਸਨ ਕਿ ਹਾਇਰ ਐਜੂਕੇਸ਼ਨ ਤੱਕ ਪੜ੍ਹ-ਲਿਖ ਕੇ ਚੰਗੀ ਨੌਕਰੀ ਕਰਨੀ ਹੈ ਤਾਂ ਕਿ ਪਰਿਵਾਰ ਦਾ ਨਾਂ ਰੌਸ਼ਨ ਹੋਵੇ । ਅਕਸਰ ਮੋਸੁਲ ਤੋਂ ਵੀ ਜਦੋਂ ਫੋਨ ਆਉਂਦਾ ਤਾਂ ਹਮੇਸ਼ਾ ਮੇਰੀ ਸਿਹਤ ਅਤੇ ਪੜ੍ਹਾਈ ਬਾਰੇ ਹੀ ਜ਼ਿਆਦਾ ਗੱਲ ਕਰਦੇ ਸਨ ਅਤੇ ਕਿਹਾ ਕਰਦੇ ਸਨ ਕਿ ਪੜ੍ਹਾਈ ਪੂਰੀ ਕਰਨ ਲਈ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ । ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸੋ ਮੈਂ ਤੁਹਾਡੇ ਲਈ ਵੱਖਰੇ ਪੈਸੇ ਭੇਜਦਾ ਰਹਾਂਗਾ । ਇੰਨਾ ਕਹਿੰਦੇ ਹੀ 16 ਸਾਲ ਦੀ ਪਰਮਜੀਤ ਦੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ ਅਤੇ ਉਹ ਆਪਣੇ ਪਿਤਾ ਬਲਵੀਰ ਨੂੰ ਯਾਦ ਕਰਨ ਲੱਗੀ ।  ਸਾਲ 2010 ਵਿਚ ਇਰਾਕ ਗਏ ਰਾਹੋਂ ਰੋਡ ਦੇ ਪਿੰਡ ਸੇਲਕੀਆਣਾ ਨਿਵਾਸੀ ਬਲਵੀਰ ਦਾ ਨਾਂ ਵੀ ਉਨ੍ਹਾਂ 39 ਭਾਰਤੀਆਂ ਦੀ ਸੂਚੀ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਇਰਾਕ ਦੇ ਮੋਸੁਲ ਵਿਚ ਆਈ. ਐੱਸ. ਵੱਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਮੌਤ ਹੋਣ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸੰਸਦ ਵਿਚ ਕੱਲ ਬਿਆਨ ਦੇ ਕੇ ਕੀਤੀ ਗਈ ਹੈ ।  ਪਰਮਜੀਤ ਨੇ ਕਿਹਾ ਕਿ ਅੱਜ ਸਵੇਰੇ 10 ਤੋਂ 1 ਵਜੇ ਤੱਕ ਹੋਏ ਹਿੰਦੀ ਦਾ ਪੇਪਰ ਦਿੰਦੇ ਸਮੇਂ ਵੀ ਉਸ ਦੇ ਕੰਨਾਂ 'ਚ ਡੈਡੀ ਦੇ ਅਕਸਰ ਕਹੇ ਗਏ ਸ਼ਬਦ ਹੀ ਗੂੰਜ ਰਹੇ ਸਨ ਅਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਪੇਪਰ ਪੂਰਾ ਵੀ ਹੋ ਗਿਆ । ਆਪਣੀਆਂ ਅੱਖਾਂ ਤੋਂ ਵਗਦੇ ਹੰਝੂਆਂ ਨੂੰ ਵਾਰ-ਵਾਰ ਪੂੰਝਦੇ ਹੋਏ ਪਰਮਜੀਤ ਨੇ ਕਿਹਾ ਕਿ ਉਹ ਆਪਣੇ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰੇਗੀ ਅਤੇ ਹਾਇਰ ਐਜੂਕੇਸ਼ਨ ਤੋਂ ਬਾਅਦ ਚੰਗੀ ਸਰਵਿਸ ਕਰਾਂਗੀ, ਕਿਉਂਕਿ ਮੇਰੇ ਪਿਤਾ ਪਰਿਵਾਰ ਨੂੰ ਸਹੂਲਤਾਂ ਦੇਣ ਲਈ ਹੀ ਇਥੋਂ ਇਰਾਕ ਗਏ ਸਨ ਤਾਂ ਕਿ ਉਥੇ ਕੰਮ ਕਰ ਕੇ ਚੋੰਗੀ ਕਮਾਈ ਘਰ ਭੇਜ ਸਕਣ ਅਤੇ ਪਰਿਵਾਰ ਸੁਖੀ ਰਹਿ ਸਕੇ ।  
ਸੁਸ਼ਮਾ ਦੇ ਬਿਆਨ ਤੋਂ ਬਾਅਦ ਪੈਰਾਂ ਹੇਠੋਂ ਨਿਕਲੀ ਜ਼ਮੀਨ 
ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਪਿੰਡ ਸੇਲਕੀਆਣਾ ਨਿਵਾਸੀ ਬਲਵੀਰ ਦੇ ਪਰਿਵਾਰ ਦੀਆਂ ਉਮੀਦਾਂ ਵੀ ਟੁੱਟ ਕੇ ਬਿਖਰ ਗਈਆਂ ਹਨ । ਕੱਲ ਸਵੇਰ ਤੱਕ ਤਾਂ ਪੂਰਾ ਪਰਿਵਾਰ ਉਨ੍ਹਾਂ ਦੀ ਸਲਾਮਤੀ ਲਈ ਵਾਪਸ ਪਰਤਣ ਦੀ ਅਰਦਾਸ ਕਰ ਰਿਹਾ ਸੀ ਪਰ ਜਿਉਂ ਹੀ ਸੁਸ਼ਮਾ ਸਵਰਾਜ ਦਾ ਬਿਆਨ ਸੁਣਿਆ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ।   ਆਪਣੇ ਪਿਤਾ ਦੇ ਜ਼ਿੰਦਾ ਵਾਪਸ ਆਉਣ ਦੀ ਉਮੀਦ ਛੱਡ ਚੁੱਕੀ ਸਭ ਤੋਂ ਛੋਟੀ ਧੀ ਪਰਮਜੀਤ ਉਨ੍ਹਾਂ ਦੇ ਸਪਨੇ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ । ਇਹੀ ਵਜ੍ਹਾ ਹੈ ਕਿ ਇਸ ਵਿਦਿਆਰਥਣ ਨੇ ਆਪਣੇ ਪਿਤਾ ਦੀ ਮੌਤ ਦੀ ਖਬਰ ਆਉਣ ਦੇ ਅਗਲੇ ਹੀ ਦਿਨ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਧਾਰ ਲਈ ਅਤੇ ਪੀ. ਐੱਸ. ਈ. ਬੀ. ਦੀ ਚੱਲ ਰਹੀਆਂ 10ਵੀਂ ਦੀ ਸਾਲਾਨਾ ਪ੍ਰੀਖਿਆ ਤਹਿਤ ਬੁੱਧਵਾਰ ਨੂੰ ਹੋਏ ਹਿੰਦੀ ਵਿਸ਼ੇ ਦਾ ਪੇਪਰ ਵੀ ਦਿੱਤਾ ।  
ਵੱਡੀ ਧੀ 4 ਸਾਲ ਪਹਿਲਾਂ ਹੀ ਗੁਆ ਚੁੱਕੀ ਹੈ ਸੁੱਧ-ਬੁੱਧੋ
ਬਲਵੀਰ ਚੰਦ ਜਿਨ੍ਹਾਂ ਦੀ ਪਤਨੀ ਬਬਲੀ ਤੋਂ ਇਲਾਵਾ 3 ਬੇਟੀਆਂ ਕਮਲਜੀਤ (23) , ਅਮਨਦੀਪ (21) ਪਰਮਜੀਤ (16) ਅਤੇ 1 ਪੁੱਤਰ ਹੰਸਰਾਜ (18) ਹੈ । ਹੰਸਰਾਜ ਨੇ ਕਿਹਾ ਕਿ ਪਿਤਾ ਨਾਲ ਆਖਰੀ ਵਾਰ ਜੂਨ 2014 ਵਿਚ ਹੀ ਗੱਲ ਹੋਈ ਸੀ । ਅੱਜ ਘਰ ਦਾ ਮਾਹੌਲ ਪੂਰੀ ਤਰ੍ਹਾਂ ਗਮਗੀਨ ਸੀ । ਭਤੀਜੇ ਬਲਜੀਤ ਸਿੰਘ ਨੇ ਦੱਸਿਆ ਗਿਆ ਕਿ ਜਦੋਂ ਸਾਲ 2014 ਜੂਨ ਵਿਚ ਆਖਰੀ ਵਾਰ ਉਨ੍ਹਾਂ ਦੇ ਚਾਚਾ ਬਲਵੀਰ ਚੰਦ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਅਤੇ ਹੋਰ ਭਾਰਤੀਆਂ ਨੂੰ ਆਈ. ਐੱਸ. ਨੇ ਕਿਡਨੈਪ ਕਰ ਲਿਆ ਹੈ ਅਤੇ ਹੁਣ ਉਹ ਦੁਬਾਰਾ ਫੋਨ ਨਹੀਂ ਕਰ ਸਕੇਗਾ । ਇਸ ਫੋਨ ਬਾਰੇ ਜਦੋਂ ਉਸ ਨੇ ਪਰਿਵਾਰ ਨੂੰ ਇਹ ਗੱਲ ਦੱਸੀ ਤਾਂ ਵੱਡੀ ਧੀ ਕਮਲਜੀਤ ਉਸ ਦੇ ਬਾਅਦ ਆਪਣੀ ਸੁੱਧ-ਬੁੱਧ ਖੋਹ ਬੈਠੀ । ਹੁਣ ਉਸ ਦੀ ਹਾਲਤ ਇਹ ਹੈ ਕਿ ਕਦੇ ਆਪਣੇ ਆਪ ਹੀ ਹੱਸਣ ਲੱਗ ਜਾਂਦੀ ਹੈ ਤਾਂ ਕਦੇ ਜ਼ੋਰ-ਜ਼ੋਰ ਨਾਲ ਰੋਣ ਲੱਗ ਜਾਂਦੀ ਹੈ ।  


Related News