ਆਟੋ ਵਰਕਸ਼ਾਪ ਤੇ ਜ਼ੋਨਾਂ ਦਾ ਰਿਕਾਰਡ ਕੀਤਾ ਜ਼ਬਤ

03/22/2018 5:43:18 AM

ਅੰਮ੍ਰਿਤਸਰ,   (ਵੜੈਚ)-  ਨਗਰ ਨਿਗਮ 'ਚ ਵਾਹਨਾਂ ਦੇ ਤੇਲ ਦੀ ਕਾਲਾਬਜ਼ਾਰੀ ਦੀਆਂ ਉਡਦੀਆਂ ਗੱਲਾਂ ਕਰ ਕੇ ਵਿਜੀਲੈਂਸ ਟੀਮ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਨੇ ਆਟੋ ਵਰਕਸ਼ਾਪ ਹਾਥੀ ਗੇਟ ਵਿਖੇ ਅਚਨਚੇਤ ਛਾਪਾ ਮਾਰਦਿਆਂ ਰਿਕਾਰਡ ਖੰਗਾਲਦੇ ਹੋਏ ਕਬਜ਼ੇ ਵਿਚ ਲੈ ਲਿਆ।
ਚੀਫ ਵਿਜੀਲੈਂਸ ਬਿਊਰੋ ਸੁਦੀਪ ਮਾਣਨ ਦੀ ਦੇਖ-ਰੇਖ ਵਿਚ ਪਹੁੰਚੀ ਟੀਮ ਨੇ ਕਰੀਬ 5-6 ਘੰਟੇ ਲਗਾਤਾਰ ਕਾਰਵਾਈ ਕਰਦਿਆਂ ਵਰਕਸ਼ਾਪ ਅਤੇ ਨਿਗਮ ਜ਼ੋਨਾਂ ਦੀ ਚੈਕਿੰਗ ਕਰਦਿਆਂ ਲਾਗ ਤੇ ਸਟਾਕ ਬੁੱਕਸ ਨੂੰ ਕਬਜ਼ੇ ਵਿਚ ਲੈ ਲਿਆ। ਵਿਜੀਲੈਂਸ ਦੇ ਛਾਪੇ ਦੌਰਾਨ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਭੱਜ-ਦੌੜ ਰਹੀ। ਵਰਕਸ਼ਾਪ ਵਿਚ ਸਵੇਰੇ ਸਾਢੇ 7 ਤੋਂ ਕਰੀਬ 12 ਵਜੇ ਤੱਕ ਟੀਮ ਦੀ ਕਾਰਵਾਈ ਦੌਰਾਨ ਨਿਗਮ ਦੇ ਪੈਟਰੋਲ ਪੰਪ ਦਾ ਕੰਮਕਾਜ ਠੱਪ ਰਹਿਣ ਨਾਲ ਨਿਗਮ ਦੇ ਵਾਹਨਾਂ ਵਿਚ ਤੇਲ ਨਾ ਪੈਣ ਕਰ ਕੇ ਕੂੜਾ ਉਠਾਉਣ ਸਮੇਤ ਹੋਰ ਕੰਮਕਾਜ ਵੀ ਪ੍ਰਭਾਵਿਤ ਰਿਹਾ।
ਜਾਣਕਾਰੀ ਮੁਤਾਬਕ ਛਾਪੇ ਦੌਰਾਨ ਐਕਸੀਅਨ ਤਿਲਕ ਰਾਜ ਜੱਸੜ ਸਮੇਤ ਸੈਨੇਟਰੀ ਇੰਸਪੈਕਟਰ ਵੀ ਮੌਕੇ 'ਤੇ ਪਹੁੰਚ ਗਏ, ਜਦ ਕਿ ਕਈ ਕਰਮਚਾਰੀ ਲੁਕਣ-ਮੀਟੀ ਕਰਦੇ ਰਹੇ ਅਤੇ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਨ ਤੋਂ ਭੱਜਦੇ ਦੇਖੇ ਗਏ।
ਆਟੋ ਵਰਕਸ਼ਾਪ ਤੋਂ ਲਾਗ ਤੇ ਸਟਾਕ ਬੁੱਕਸ ਲਈਆਂ ਕਬਜ਼ੇ 'ਚ : ਵਿਜੀਲੈਂਸ ਵਿਭਾਗ ਦੀ ਟੀਮ ਨੇ ਆਟੋ ਵਰਕਸ਼ਾਪ ਤੋਂ ਲਾਗ ਅਤੇ ਸਟਾਕ ਬੁੱਕਸ ਕਬਜ਼ੇ ਵਿਚ ਲੈ ਲਈਆਂ। ਪੈਟਰੋਲ ਪੰਪ ਦੇ ਤੇਲ ਦੀ ਗਿਣਤੀ ਵੀ ਕੀਤੀ ਗਈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਵੱਖ-ਵੱਖ 8 ਜ਼ੋਨਾਂ 'ਤੇ ਪਹੁੰਚ ਕੇ ਰਿਕਾਰਡ ਨੂੰ ਕਬਜ਼ੇ ਵਿਚ ਲਿਆ। ਤਾਜ਼ੇ ਲਿਖਤੀ ਰਿਕਾਰਡ ਨੂੰ ਟੀਮ ਨੇ ਕਬਜ਼ੇ ਵਿਚ ਲੈ ਲਿਆ, ਜਦ ਕਿ ਪੁਰਾਣਾ ਰਿਕਾਰਡ ਪਹਿਲਾਂ ਹੀ ਨਿਗਮ ਦਫਤਰ ਵਿਚ ਜਾਂਚ ਕਰ ਰਹੀ ਫੋਰੈਂਸਿਕ ਵਿਭਾਗ ਦੀ ਟੀਮ ਕੋਲ ਹੈ।
ਲਾਪ੍ਰਵਾਹੀ ਆਈ ਸਾਹਮਣੇ : ਜਾਣਕਾਰੀ ਮੁਤਾਬਕ ਰਿਕਾਰਡ ਦੀ ਜਾਂਚ 'ਚ ਕੰਮ ਦੌਰਾਨ ਕਈ ਲਾਪ੍ਰਵਾਹੀਆਂ ਵੀ ਪਾਈਆਂ ਗਈਆਂ। ਵਾਹਨਾਂ ਵਿਚ ਤੇਲ ਪਾਇਆ ਜਾਂਦਾ ਰਿਹਾ ਪਰ ਨਿਯਮਤ ਤਰੀਕੇ ਨਾਲ ਸੈਨੇਟਰੀ ਇੰਸਪੈਕਟਰਾਂ ਅਤੇ ਜ਼ੋਨਾਂ 'ਚ ਸਬੰਧਤ ਅਧਿਕਾਰੀਆਂ ਦੇ ਦਸਤਖਤ ਨਹੀਂ ਸਨ, ਜਦ ਕਿ ਰੁਟੀਨ ਮੁਤਾਬਕ ਅਧਿਕਾਰੀਆਂ ਦੇ ਰੋਜ਼ਾਨਾ ਨਾਲੋ-ਨਾਲ ਦਸਤਖਤ ਜ਼ਰੂਰੀ ਹਨ।
ਕਮਿਸ਼ਨਰ ਨੇ ਕੀਤੀ ਸੀ ਚੰਗੀ ਸ਼ੁਰੂਆਤ
ਵਰਕਸ਼ਾਪ 'ਤੇ ਵਾਹਨਾਂ ਵਿਚ ਤੇਲ ਦੀ ਹੇਰਾ-ਫੇਰੀ ਦੀਆਂ ਖਬਰਾਂ ਮਿਲਣ ਤੋਂ ਬਾਅਦ ਕੁਝ ਹਫਤੇ ਪਹਿਲਾਂ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਦੇਰ ਸ਼ਾਮ ਵਰਕਸ਼ਾਪ 'ਤੇ ਛਾਪਾ ਮਾਰ ਕੇ ਚੰਗੀ ਸ਼ੁਰੂਆਤ ਕੀਤੀ ਸੀ, ਉਸ ਦੌਰਾਨ ਬੰਦ ਕਮਰੇ ਦਾ ਤਾਲਾ ਤੁੜਵਾ ਕੇ ਤੇਲ ਦੇ ਕਈ ਕੈਨ ਕਬਜ਼ੇ ਵਿਚ ਲਏ ਗਏ ਤੇ ਮੌਕੇ 'ਤੇ ਨਸ਼ੇ ਦਾ ਪ੍ਰਯੋਗ ਹੋਣ ਵਾਲਾ ਸਾਮਾਨ ਫੜ ਕੇ ਪੁਲਸ ਨੂੰ ਕੇਸ ਦਿੱਤਾ ਗਿਆ ਸੀ।
ਮਚ ਗਈ ਹਫੜਾ-ਦਫੜੀ : ਆਟੋ ਵਰਕਸ਼ਾਪ 'ਤੇ ਵਿਜੀਲੈਂਸ ਛਾਪੇ ਅਤੇ ਰਿਕਾਰਡ ਦੀ ਤਫਤੀਸ਼ ਦੀ ਖਬਰ ਜੰਗਲ 'ਚ ਲੱਗੀ ਅੱਗ ਵਾਂਗ ਨਿਗਮ ਵਿਚ ਫੈਲ ਗਈ, ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਯੂਨੀਅਨ ਆਗੂ ਅਤੇ ਨਿਗਮ ਕਲਰਕ ਹਰਜਿੰਦਰ ਸਿੰਘ ਵਾਲੀਆ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਨ ਉਪਰੰਤ ਜੇਲ ਦੇ ਅੰਦਰ ਹੈ।
ਕੰਮਕਾਜ ਹੋਇਆ ਪ੍ਰਭਾਵਿਤ : ਕਾਰਵਾਈ ਦੌਰਾਨ ਨਿਗਮ ਦੇ ਵਾਹਨਾਂ 'ਚ ਤੇਲ ਨਾ ਪੈਣ ਕਰ ਕੇ ਕਈ ਵਾਹਨਾਂ ਦੇ ਚੱਕੇ ਜਾਮ ਰਹੇ। ਵਰਕਸ਼ਾਪ ਦੇ ਅੰਦਰ ਤੇ ਬਾਹਰ ਕੂੜਾ ਉਠਾਉਣ ਵਾਲੇ ਕਈ ਟਰੈਕਟਰ-ਟਰਾਲੀਆਂ, ਜੇ. ਸੀ. ਬੀ. ਤੇ ਜੈਟਿੰਗ ਵਾਹਨ ਖੜ੍ਹੇ ਰਹੇ।
ਮਸ਼ੀਨਰੀ ਦਾ ਵੀ ਲਿਆ ਲੇਖਾ-ਜੋਖਾ : ਤਫਤੀਸ਼ ਦੌਰਾਨ ਨਿਗਮ ਅਧਿਕਾਰੀਆਂ ਤੋਂ ਨਿਗਮ ਦੀ ਚੱਲਣ ਵਾਲੀ ਮਸ਼ੀਨਰੀ ਦਾ ਵੀ ਲੇਖਾ-ਜੋਖਾ ਲਿਆ ਗਿਆ ਕਿ ਕਿੰਨੇ ਵਾਹਨ ਰੋਜ਼ਾਨਾ ਕੰਮਕਾਜ ਲਈ ਸੜਕਾਂ 'ਤੇ ਉਤਰਦੇ ਹਨ। ਕਿੰਨੇ ਤੇਲ ਦਾ ਇਸਤੇਮਾਲ ਕਰਦੇ ਹਨ ਤੇ ਕਿੰਨੇ ਵਾਹਨ ਕੰਡਮ ਹਨ।


Related News