ਸਾਂਝਾ ਅਧਿਆਪਕ ਮੋਰਚੇ ਦੀ ਜ਼ਿਲਾ ਪੱਧਰੀ ਮੀਟਿੰਗ

03/22/2018 3:01:36 AM

ਮੋਗਾ,   (ਗਰੋਵਰ, ਗੋਪੀ)-  ਸਾਂਝਾ ਅਧਿਆਪਕ ਮੋਰਚਾ ਮੋਗਾ ਦੀ ਜ਼ਿਲਾ ਆਗੂਆਂ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਹੋਈ, ਜਿਸ 'ਚ 25 ਮਾਰਚ ਦੀ ਲੁਧਿਆਣਾ ਵਿਖੇ ਕੀਤੀ ਜਾ ਰਹੀ ਮਹਾ-ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ । 
ਮੀਟਿੰਗ 'ਚ ਹਾਜ਼ਰ ਆਗੂਆਂ ਨੇ ਦੱਸਿਆ ਕਿ 25 ਦੀ ਲੁਧਿਆਣਾ ਰੈਲੀ ਸਬੰਧੀ ਅਧਿਆਪਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਦਾ ਕਾਰਨ ਮੌਜੂਦਾ ਸਰਕਾਰ ਦੀਆਂ ਸਕੂਲ, ਸਿੱਖਿਆ ਤੇ ਅਧਿਆਪਕ ਵਿਰੋਧੀ ਨੀਤੀਆਂ ਹਨ। ਮੌਜੂਦਾ ਸਮੇਂ ਠੇਕੇ 'ਤੇ ਕੰਮ ਕਰਦੇ ਐੱਸ. ਐੱਸ. ਏ./ਰਮਸਾ ਅਧਿਆਪਕਾਂ, 5178 ਅਧਿਆਪਕਾਂ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ 'ਤੇ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ 'ਤੇ ਤਿੰਨ ਸਾਲਾਂ ਲਈ 75 ਫੀਸਦੀ ਕੱਟ ਲਾਉਣ ਦੀ ਤਜਵੀਜ਼ ਲਾਗੂ ਕਰਨ 'ਤੇ ਬਜਿੱਦ ਹੈ, ਜਿਸ ਨੂੰ ਲੈ ਕੇ ਅਧਿਆਪਕ ਵਰਗ 'ਚ ਵੱਡੇ ਪੱਧਰ 'ਤੇ ਰੋਹ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਮੁਲਾਜ਼ਮ ਮਾਰੂ ਫੈਸਲੇ ਨੂੰ ਸਾਂਝਾ ਅਧਿਆਪਕ ਮੋਰਚਾ ਦੇ ਸਾਂਝੇ ਸੰਘਰਸ਼ ਨਾਲ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ । ਇਸ ਸਮੇਂ ਹਾਜ਼ਰ ਆਗੂਆਂ ਨੇ ਦੱਸਿਆ ਕਿ ਲੁਧਿਆਣਾ ਰੈਲੀ 'ਚ ਮੋਗਾ 'ਚੋਂ ਅਧਿਆਪਕਾਂ ਦਾ ਵੱਡਾ ਕਾਫਲਾ ਸ਼ਮੂਲੀਅਤ ਕਰੇਗਾ, ਜਿਸ ਨੂੰ ਲੈ ਕੇ ਤਿਆਰੀਆਂ ਲਈ ਵੱਡੇ ਪੱਧਰ 'ਤੇ ਡਿਊਟੀਆਂ ਦੀ ਵੰਡ ਕਰ ਦਿੱਤੀ ਗਈ ਹੈ। ਇਹ ਟੀਮਾਂ ਆਉਣ ਵਾਲੇ ਦਿਨਾਂ 'ਚ ਅਧਿਆਪਕਾਂ ਨਾਲ ਰਾਬਤਾ ਕਰਨ ਲਈ ਨੁੱਕੜ ਮੀਟਿੰਗਾਂ ਕਰਨਗੀਆਂ ।
ਇਸ ਮੌਕੇ ਦਿਗਵਿਜੇ ਪਾਲ ਸ਼ਰਮਾ, ਬੂਟਾ ਸਿੰਘ ਭੱਟੀ, ਹਰਚੰਦ ਬੋਡੇ, ਚਰਨਜੀਤ ਡਾਲਾ, ਸਰਬਜੀਤ ਦੌਧਰ, ਗੁਰਪ੍ਰੀਤ ਅਮੀਵਲ, ਅਮਰਦੀਪ ਸਿੰਘ, ਸਰਬਨ ਸਿੰਘ, ਅਮਨਦੀਪ ਮਟਵਾਣੀ, ਸੁਖਪਾਲ ਜੀਤ ਆਦਿ ਅਧਿਆਪਕ ਆਗੂ ਹਾਜ਼ਰ ਸਨ ।


Related News