ਕਤਲ ਦਾ ਕੇਸ ਦਰਜ ਕਰਵਾਉਣ ਲਈ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ

03/22/2018 2:28:59 AM

ਦਸੂਹਾ, (ਝਾਵਰ)- ਅੱਜ ਥਾਣਾ ਦਸੂਹਾ ਦੇ ਬਾਹਰ ਰਾਸ਼ਟਰੀਆ ਰਾਜ ਮਾਰਗ 'ਤੇ 200 ਤੋਂ ਵੱਧ ਮਰਦਾਂ ਅਤੇ ਔਰਤਾਂ ਨੇ ਟਰੈਫਿਕ ਜਾਮ ਕਰ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਔਰਤਾਂ ਜਦੋਂ ਪੁਲਸ ਦਾ ਪਿੱਟ-ਸਿਆਪਾ ਕਰ ਰਹੀਆਂ ਸਨ, ਉਦੋਂ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ ਪਰ ਪ੍ਰਦਰਸ਼ਨਕਾਰੀ ਇਸ ਦੀ ਪ੍ਰਵਾਹ ਨਾ ਕਰਦਿਆਂ ਡਟੇ ਰਹੇ।
ਕੀ ਹੈ ਮਾਮਲਾ : ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਵੀਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਕਰਤਾਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੌਜਪੁਰ ਜ਼ਿਲਾ ਗੁਰਦਾਸਪੁਰ ਨੇ ਦੱਸਿਆ ਕਿ ਜਗੀਰ ਸਿੰਘ ਪੁੱਤਰ ਪੂਰਨ ਸਿੰਘ ਬਿਆਸ ਦਰਿਆ ਕੰਢੇ ਭੀਖੋਵਾਲ ਵਿਖੇ ਆਪਣੀ ਜ਼ਮੀਨ 'ਤੇ ਕੰਮ ਕਰਨ ਲਈ ਆਇਆ ਸੀ ਅਤੇ ਉਸ ਦਿਨ ਤੋਂ ਹੀ ਲਾਪਤਾ ਸੀ। ਇਸ ਦੀ ਸੂਚਨਾ ਦਸੂਹਾ ਥਾਣੇ ਵਿਖੇ ਦਿੱਤੀ ਗਈ। ਜਗੀਰ ਸਿੰਘ ਦੀ ਲਾਸ਼ 20 ਮਾਰਚ ਨੂੰ ਬਿਆਸ ਦਰਿਆ ਨਜ਼ਦੀਕ ਪਿੰਡ ਕਾਵਾਂਵਾਲੀ ਵਿਖੇ ਮਿਲੀ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪਿੰਡ ਮੌਜਪੁਰ ਦੇ ਹੀ ਕੁਝ ਵਿਅਕਤੀਆਂ ਨੇ ਉਸ ਨੂੰ ਕਤਲ ਕੀਤਾ ਹੈ, ਇਸ ਲਈ ਉਨ੍ਹਾਂ 'ਤੇ ਕੇਸ ਦਰਜ ਕੀਤਾ ਜਾਵੇ। ਬਿਆਨਕਰਤਾ ਦਲਵੀਰ ਸਿੰਘ ਮ੍ਰਿਤਕ ਦਾ ਪੁੱਤਰ ਹੈ ਅਤੇ ਕਰਤਾਰ ਸਿੰਘ ਦਾ ਭਰਾ ਹੈ। ਪੁਲਸ ਵੱਲੋਂ ਕੇਸ ਨਾ ਦਰਜ ਕਰਨ 'ਤੇ ਉਹ ਟਰੈਫਿਕ ਜਾਮ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਕੇਸ ਦਰਜ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਦਾ ਪ੍ਰਦਰਸ਼ਨ ਥਾਣੇ ਅੱਗੇ ਜਾਰੀ ਰਹੇਗਾ। ਪ੍ਰਦਰਸ਼ਨਕਾਰੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਕਹਿ ਰਹੇ ਸਨ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ : ਜਦੋਂ ਇਸ ਸਬੰਧੀ ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਾਰੀ ਗੱਲ ਸੁਣ ਲਈ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਪੋਸਟਮਾਰਟਮ ਦੇ ਆਧਾਰ 'ਤੇ ਕੇਸ ਦਰਜ ਕੀਤਾ ਜਾਵੇਗਾ। ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਐੱਸ.ਪੀ. ਹੈੱਡਕੁਆਰਟਰ ਬਲਵੀਰ ਸਿੰਘ ਵੀ ਪਹੁੰਚ ਰਹੇ ਹਨ, ਜਿਨ੍ਹਾਂ ਵੱਲੋਂ ਮ੍ਰਿਤਕ ਦੇ ਮੈਂਬਰਾਂ ਦਾ ਪੱਖ ਸੁਣਿਆ ਜਾਵੇਗਾ। ਅਧਿਕਾਰੀ ਇਸ ਸਬੰਧੀ ਜੋ ਵੀ ਫੈਸਲਾ ਕਰਨਗੇ, ਉਸ 'ਤੇ ਅਮਲ ਕੀਤਾ ਜਾਵੇਗਾ।


Related News