ਵਿਜੀਲੈਂਸ ਟੀਮ ਨੇ ਡਰੱਗ ਇੰਸਪੈਕਟਰਾਂ ਸਮੇਤ ਕੀਤੀ ਹਸਪਤਾਲ ''ਚ ਛਾਪੇਮਾਰੀ

03/22/2018 2:10:26 AM

ਮੋਗਾ,  (ਸੰਦੀਪ)-  ਫਿਰੋਜ਼ਪੁਰ ਰੋਡ 'ਤੇ ਸਥਿਤ ਟਾਂਗੇ ਵਾਲੀ ਗਲੀ 'ਚ ਪ੍ਰਾਈਵੇਟ ਤੌਰ 'ਤੇ ਹਸਪਤਾਲ ਚਲਾਉਣ ਵਾਲੇ ਐੱਮ. ਡੀ. ਮੈਡੀਸਨ ਡਾਕਟਰ ਦੇ ਹਸਪਤਾਲ 'ਚ ਬੁੱਧਵਾਰ ਦੀ ਸ਼ਾਮ ਨੂੰ ਵਿਜੀਲੈਂਸ ਟੀਮ ਨੇ ਛਾਪੇਮਾਰੀ ਕੀਤੀ, ਜਿਸ ਦੌਰਾਨ ਡੀ. ਐੱਸ. ਪੀ. ਪਲਵਿੰਦਰ ਸਿੰਘ, ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਆਦਿ ਅਧਿਕਾਰੀ ਮੌਜੂਦ ਸਨ। ਟੀਮ ਨੇ ਸਬੰਧਿਤ ਡਾਕਟਰ ਰਾਮੇਂਦਰ ਸ਼ਰਮਾ ਦੇ ਬਿਨਾਂ ਵਿਭਾਗ ਨੂੰ ਤਿਆਗ ਪੱਤਰ ਦਿੱਤੇ ਪ੍ਰਾਈਵੇਟ ਪ੍ਰੈਕਟਿਸ ਕਰਨ ਸਬੰਧੀ ਪੁੱਛਿਆਂ ਤਾਂ ਉਨ੍ਹਾਂ ਵਿਭਾਗ ਨੂੰ ਬੀਤੀ 3 ਮਾਰਚ ਨੂੰ ਆਪਣਾ ਤਿਆਗ ਪੱਤਰ ਐੱਸ. ਐੱਮ. ਓ. ਸਿਵਲ ਹਸਪਤਾਲ ਨੂੰ ਸੌਂਪਣ ਸਬੰਧੀ ਜਾਣਕਾਰੀ ਦਿੱਤੀ ਪਰ ਇਸ ਸਬੰਧੀ ਸੂਤਰਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ ਵਿਭਾਗ ਵੱਲੋਂ ਸਬੰਧਿਤ ਡਾਕਟਰ ਦਾ ਤਿਆਗ ਪੱਤਰ ਮਨਜ਼ੂਰ ਨਹੀਂ ਹੋਇਆ ਹੈ ਅਤੇ ਇਸ ਦੀ ਮਨਜ਼ੂਰੀ ਆਉਣ ਤੋਂ ਬਿਨਾਂ ਹੀ ਡਾਕਟਰ ਵੱਲੋਂ ਪ੍ਰਾਈਵੇਟ ਤੌਰ 'ਤੇ ਆਪਣਾ ਹਸਪਤਾਲ ਚਲਾਇਆ ਜਾ ਰਿਹਾ ਹੈ। 
ਡੀ. ਐੱਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਉਨ੍ਹਾਂ ਇਸ ਛਾਪੇਮਾਰੀ ਤੋਂ ਪਹਿਲਾਂ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰਾਂ ਨੂੰ ਵੀ ਨਾਲ ਲਿਆ ਹੈ ਤਾਂ ਕਿ ਹਸਪਤਾਲ 'ਚ ਮੌਜੂਦ ਦਵਾਈਆਂ ਦੀ ਵੀ ਜਾਂਚ ਕੀਤੀ ਜਾ ਸਕੇ। ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਹਸਪਤਾਲ ਦੇ ਸਟਾਕ 'ਚ ਪਈਆਂ ਸਾਰੀਆਂ ਦਵਾਈਆਂ ਨੂੰ ਸੀਲ ਕਰਨ ਅਤੇ ਦੋ ਸੈਂਪਲ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਸਬੰਧੀ ਰਿਪੋਰਟ ਸਿਵਲ ਸਰਜਨ ਮੋਗਾ ਨੂੰ ਵੀ ਸੌਂਪਣ ਦੀ ਗੱਲ ਕਹੀ ਹੈ।
ਡਾਕਟਰ ਵੱਲੋਂ ਸੌਂਪਿਆ ਗਿਆ ਸੀ ਤਿਆਗ ਪੱਤਰ ਪਰ ਨਹੀਂ ਆਈ ਵਿਭਾਗ ਦੀ ਮਨਜ਼ੂਰੀ : ਡਾ. ਅੱਤਰੀ
ਸਿਵਲ ਹਸਪਤਾਲ 'ਚ ਤਾਇਨਾਤ ਐੱਮ. ਡੀ. ਮੈਡੀਸਨ ਡਾ. ਰਾਮੇਂਦਰ ਸ਼ਰਮਾ ਵੱਲੋਂ ਵਿਭਾਗ ਨੂੰ ਤਿਆਗ ਪੱਤਰ ਦੇਣ ਸਬੰਧੀ ਜਦ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਡਾਕਟਰ ਵੱਲੋਂ ਉਨ੍ਹਾਂ ਨੂੰ 3 ਮਾਰਚ ਨੂੰ ਤਿਆਗ ਪੱਤਰ ਸੌਂਪਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਲਿਖਤੀ ਤੌਰ 'ਤੇ ਸਿਵਲ ਸਰਜਨ ਮੋਗਾ ਨੂੰ ਦੇ ਦਿੱਤੀ ਗਈ ਸੀ ਅਤੇ ਸਿਵਲ ਸਰਜਨ ਦਫਤਰ ਵੱਲੋਂ ਇਸ ਤਿਆਗ ਪੱਤਰ ਨੂੰ ਮਨਜ਼ੂਰੀ ਲਈ ਵਿਭਾਗੀ ਡਾਇਰੈਕਟਰ ਅਤੇ ਪ੍ਰਿੰਸੀਪਲ ਸਕੱਤਰ ਨੂੰ ਭੇਜ ਦਿੱਤਾ ਗਿਆ ਸੀ ਪਰ ਉਨ੍ਹਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਕੋਈ ਲਿਖਤੀ ਪੱਤਰ ਅਜੇ ਤੱਕ ਨਹੀਂ ਭੇਜਿਆ ਹੈ।  ਦੂਸਰੇ ਪਾਸੇ ਜਦ ਇਸ ਮਾਮਲੇ ਸਬੰਧੀ ਡਾ. ਰਾਮੇਂਦਰ ਸ਼ਰਮਾ ਨਾਲ ਮੋਬਾਇਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Related News