ਪੰਜਾਬ ਅੰਦਰ ਦਿਨ ''ਚ ਆਵਾਰਾ ਕੁੱਤੇ 300 ਵਿਅਕਤੀਆਂ ਨੂੰ ਕੱਟਦੇ ਹਨ : ਬੁੱਧੀਜੀਵੀ

03/22/2018 2:00:29 AM

ਬਟਾਲਾ,  (ਸੈਂਡੀ)–  ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸੂਚਨਾ ਦੇ ਅਧਿਕਾਰੀ ਅਧੀਨ ਦਿੱਤੀ ਗਈ ਸੂਚਨਾ ਅਨੁਸਾਰ ਪੰਜਾਬ ਵਿਚ 2016-17 ਵਿਚ ਆਵਾਰਾ ਕੁੱਤਿਆਂ ਦੇ ਕੱਟੇ ਕੇਸਾਂ ਦੀ ਗਿਣਤੀ 4719 ਦਿੱਤੀ ਗਈ ਹੈ। ਇਨ੍ਹਾਂ ਆਵਾਰਾ ਕੁੱਤਿਆਂ ਦੀ 2012 ਵਿਚ ਕਰਵਾਏ ਸਰਵੇ ਅਨੁਸਾਰ ਪੰਜਾਬ ਵਿਚ ਗਿਣਤੀ 7 ਲੱਖ ਦੱਸੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੰਸਥਾ ਬੁੱਧੀਜੀਵੀ ਦੇ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਪ੍ਰਿੰ. ਹਰਬੰਸ ਸਿੰਘ ਨੇ ਕੀਤਾ। 
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਡਾਗ ਬਾਈਟ ਦੇ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਆਉਂਦੇ ਹਨ ਪਰ ਇਸ ਦੇ ਇਲਾਜ ਦੇ ਟੀਕੇ ਨਾਮਾਤਰ ਹੁੰਦੇ ਹਨ ਤੇ ਮਰੀਜ਼ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਟੀਕੇ ਲਵਾਉਂਦੇ ਹਨ। ਪ੍ਰਿੰ. ਹਰਬੰਸ ਨੇ ਅੱਗੇ ਦੱਸਿਆ ਕਿ 3 ਮਹੀਨੇ ਪਹਿਲਾਂ ਫਤਿਹਗੜ੍ਹ ਚੂੜੀਆਂ ਦੀ ਔਰਤ ਜੋ ਲੋਕਾਂ ਦੇ ਘਰ ਵਿਚ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦੀ ਸੀ, ਕੰਮ ਕਰ ਕੇ ਵਾਪਸ ਆਪਣੇ ਘਰ ਆ ਰਹੀ ਸੀ ਕਿ ਰਸਤੇ ਵਿਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰ ਵੀ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਪ੍ਰਸ਼ਾਸਨ ਖਾਮੋਸ਼ ਬੈਠਾ ਹੈ। 
ਅਖੀਰ ਵਿਚ ਪ੍ਰਿੰ. ਹਰਬੰਸ ਸਿੰਘ ਦੇ ਨਾਲ ਬਲਵਿੰਦਰ ਸਿੰਘ, ਕੁਲਵੰਤ ਸਿੰਘ ਸਟੇਟ ਐਵਾਰਡੀ, ਸਵਿੰਦਰ ਸੰਧੂ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਨਗਰ ਪਾਲਿਕਾਵਾਂ ਅਤੇ ਜ਼ਿਲਾ ਪ੍ਰੀਸ਼ਦ ਆਵਾਰਾ ਕੁੱਤਿਆਂ 'ਤੇ ਕੰਟਰੋਲ ਕਰਦੇ ਸਨ ਪਰ ਜਦੋਂ ਤੋਂ ਮੇਨਕਾ ਗਾਂਧੀ ਕੇਂਦਰੀ ਮੰਤਰੀ ਬਣੇ ਹਨ, ਏ. ਬੀ. ਸੀ. ਐਕਟ ਅਧੀਨ ਕੁੱਤੇ ਨੂੰ ਮਾਰਨਾ ਕਤਲ ਸਮਾਨ ਹੈ। ਇਸ ਗੰਭੀਰ ਸਮੱਸਿਆ 'ਤੇ 3 ਘੰਟੇ ਬਹਿਸ ਪਿੱਛੋਂ ਬੁੱਧੀਜੀਵੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਸੈਂਟਰ ਸਰਕਾਰ ਇਸ ਕਾਨੂੰਨ ਨੂੰ ਬਦਲੇ ਅਤੇ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਚੁਸਤ-ਦਰੁੱਸਤ ਕਰ ਕੇ ਇਸ ਦਾ ਤੁਰੰਤ ਹੱਲ ਲੱਭੇ। 
ਇਸ ਮੌਕੇ ਡਾ. ਗੁਰਿੰਦਰ ਸਿੰਘ ਰੰਧਾਵਾ, ਹਰਬੰਸ ਸਿੰਘ ਰੰਧਾਵਾ, ਮੈਨੇਜਰ ਸਰਦੂਲ ਸਿੰਘ, ਦਰਸ਼ਨ ਲਾਲ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।


Related News