ਸ਼ੂਗਰ ਮਿੱਲ ਵਿਚ ਗੰਨਾ ਲੈ ਕੇ ਪੁੱਜੇ ਟਰੱਕ ਡਰਾਈਵਰ ਦੀ ਹੋਈ ਮੌਤ

03/22/2018 1:22:25 AM

ਦੀਨਾਨਗਰ,   (ਕਪੂਰ)-  ਸਹਿਕਾਰੀ ਖੰਡ ਮਿੱਲ ਪਨਿਆੜ ਵਿਖੇ ਗੰਨਾ ਲੈ ਕੇ ਪਹੁੰਚੇ ਟਰੱਕ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ, ਜਿਸ ਦੀ ਪਛਾਣ ਬਿਸ਼ਨ ਦਾਸ (50) ਪੁੱਤਰ ਮਲੂਕਾ ਰਾਮ ਪਿੰਡ ਝੇਲਾ ਆਮਦਾ (ਪਠਾਨਕੋਟ) ਵਜੋਂ ਹੋਈ ਹੈ। 
ਜਾਣਕਾਰੀ ਅਨੁਸਾਰ ਕੱਲ ਸ਼ਾਮ ਵੇਲੇ ਬਿਸ਼ਨ ਦਾਸ ਆਪਣੇ ਪਿੰਡ ਤੋਂ ਸੁਭਾਸ਼ ਚੰਦ ਨਾਮਕ ਕਿਸਾਨ ਦਾ ਗੰਨਾ ਟਰੱਕ ਵਿਚ ਲੱਦ ਕੇ ਪਨਿਆੜ ਖੰਡ ਮਿੱਲ ਵਿਖੇ ਪਹੁੰਚਿਆ ਤਾਂ ਰਾਤ ਵੇਲੇ ਟਰੱਕਾਂ ਟਰਾਲੀਆਂ ਦੀ ਲਾਈਨ ਵਿਚ ਆਪਣਾ ਟਰੱਕ ਵੀ ਖੜ੍ਹਾ ਕਰ ਦਿੱਤਾ ਅਤੇ ਖਾਣਾ ਖਾਣ ਤੋਂ ਬਾਅਦ ਟਰੱਕ ਅੰਦਰ ਹੀ ਸੌਂ ਗਿਆ। ਦੇਰ ਰਾਤ ਜਦੋਂ ਗੰਨਾ ਲੈ ਕੇ ਆਏ ਪਿੱਛੇ ਖੜ੍ਹੇ ਟਰੱਕ ਟਰਾਲੀਆਂ ਵਾਲੇ ਅੱਗੇ ਵਧਣ ਲੱਗੇ ਤਾਂ ਉਕਤ ਟਰੱਕ ਉਥੇ ਹੀ ਖੜ੍ਹਾ ਰਿਹਾ ਪਰ ਕੁਝ ਦੇਰ ਬਾਅਦ ਗੰਨਾ ਲੈ ਕੇ ਪਹੁੰਚੇ ਕਿਸਾਨਾਂ ਨੇ ਟਰੱਕ ਦੇ ਖੜ੍ਹੇ ਹੋਣ ਬਾਰੇ ਮੇਨ ਗੇਟ 'ਤੇ ਸੂਚਨਾ ਦਿੱਤੀ ਤਾਂ ਮੇਨ ਗੇਟ ਦੇ ਮੁਲਾਜ਼ਮ ਅਤੇ ਕਿਸਾਨਾਂ ਨੇ ਟਰੱਕ ਦੀ ਬਾਰੀ ਖੋਲ੍ਹੀ ਅਤੇ ਟਰੱਕ ਡਰਾਈਵਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨਾ ਹਿੱਲਣ 'ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਸਾਹ ਬੰਦ ਹੋ ਚੁੱਕਾ ਸੀ। 
ਮਿੱਲ ਪ੍ਰਬੰਧਕਾਂ ਅਤੇ ਕਿਸਾਨਾਂ ਨੇ ਪੁਲਸ ਨੂੰ ਸੂਚਿਤ ਕੀਤਾ। ਦੀਨਾਨਗਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰ ਕੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। 


Related News