ਮੀਂਹ ਤੇ ਤੇਜ਼ ਹਵਾਵਾਂ ਨੇ ਉਡਾਈ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ

03/22/2018 1:15:04 AM

ਗੁਰਦਾਸਪੁਰ,  (ਹਰਮਨਪ੍ਰੀਤ ਸਿੰਘ)-  ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਸਾਤ ਨੇ ਜਿਥੇ ਕਈ ਖੇਤਾਂ 'ਚ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ, ਉਥੇ ਇਸ ਬਰਸਾਤ ਕਾਰਨ ਅੱਜ ਸਾਰਾ ਦਿਨ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਸਿਰਫ਼ 0.7 ਫ਼ੀਸਦੀ ਐੱਮ. ਐੱਮ. ਬਰਸਾਤ ਹੋਣ ਕਾਰਨ ਭਾਵੇਂ ਕਣਕ ਦੇ ਖੇਤਾਂ 'ਚ ਕਿਤੇ ਵੀ ਬਹੁਤਾ ਨੁਕਸਾਨ ਸਾਹਮਣੇ ਨਹੀਂ ਆਇਆ ਪਰ ਜਿਹੜੇ ਖੇਤਾਂ 'ਚ ਹਨੇਰੀ ਕਾਰਨ ਕਣਕ ਦੀ ਫ਼ਸਲ ਵਿਛ ਗਈ ਹੈ, ਉਨ੍ਹਾਂ ਨਾਲ ਸਬੰਧਤ ਕਿਸਾਨ ਭਾਰੀ ਪ੍ਰੇਸ਼ਾਨੀ ਦੇ ਦੌਰ 'ਚੋਂ ਲੰਘ ਰਹੇ ਹਨ। ਖ਼ਾਸ ਤੌਰ 'ਤੇ ਸੇਮ ਪ੍ਰਭਾਵਿਤ ਇਲਾਕਿਆਂ ਅੰਦਰ ਖੇਤਾਂ 'ਚ ਪਾਣੀ ਖੜ੍ਹਾ ਹੋ ਜਾਣ ਕਾਰਨ ਕਿਸਾਨਾਂ ਨੂੰ ਫ਼ਸਲ ਦਾ ਨੁਕਸਾਨ ਹੋਣ ਦੀ ਚਿੰਤਾ ਸਤਾ ਰਹੀ ਹੈ। 
ਕਿੰਨੀ ਬਰਸਾਤ ਹੋਈ
ਗੁਰਦਾਸਪੁਰ ਜ਼ਿਲੇ 'ਚ ਸਿਰਫ਼ 0.5 ਫ਼ੀਸਦੀ ਐੱਮ. ਐੱਮ. ਬਰਸਾਤ ਦਰਜ ਕੀਤੀ ਗਈ ਹੈ। 
ਸੇਮ ਵਾਲੇ ਇਲਾਕਿਆਂ ਲਈ ਨੁਕਸਾਨਦੇਹ
ਜ਼ਿਲਾ ਗੁਰਦਾਸਪੁਰ ਅੰਦਰ ਕਾਹਨੂੰਵਾਨ, ਡੇਰਾ ਬਾਬਾ ਨਾਨਕ ਅਤੇ ਦੀਨਾਨਗਰ ਦਾ ਤਕਰੀਬਨ 8000 ਹੈਕਟੇਅਰ ਰਕਬਾ ਨੀਵਾਂ ਹੋਣ ਕਾਰਨ ਇਥੇ ਜ਼ਿਆਦਾ ਬਰਸਾਤ ਹੋਣ ਨਾਲ ਸੇਮ ਵਰਗੀ ਹਾਲਤ ਬਣ ਜਾਂਦੀ ਹੈ। ਇਨ੍ਹਾਂ ਇਲਾਕਿਆਂ ਅੰਦਰ ਹੋਈ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕੀਤਾ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਖੇਤ ਵਿਚ ਪਾਣੀ ਖੜ੍ਹਾ ਹੈ ਤਾਂ ਜਿੰਨੀ ਜਲਦੀ ਹੋ ਸਕੇ, ਪਾਣੀ ਨੂੰ ਬਾਹਰ ਕੱਢ ਦੇਣ ਕਿਉਂਕਿ ਕਣਕ ਦੀ ਫ਼ਸਲ ਬਹੁਤਾ ਸਮਾਂ ਪਾਣੀ ਖੜ੍ਹਾ ਰਹਿਣ ਨੂੰ ਨਹੀਂ ਸਹਾਰ ਸਕਦੀ।


Related News