ਜੱਸੀ ਸਿੱਧੂ ''ਆਨਰ ਕਿਲਿੰਗ'' ਮਾਮਲੇ ''ਚ ਦੋਸ਼ੀ ਨੂੰ ਗਲਤੀ ਨਾਲ ਦਿੱਤੀ ਸੀ ਪੀ.ਆਰ.

03/22/2018 12:13:04 AM

ਵੈਨਕੂਵਰ— ਦਰਸ਼ਨ ਸਿੰਘ ਸਿੱਧੂ, ਜੋ ਕਿ ਬੀਸੀ ਦੀ ਇਕ ਔਰਤ ਦੇ ਕਤਲ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੱਤ ਦੋਸ਼ੀਆਂ 'ਚੋਂ ਇਕ ਹੈ, ਜਿਸ ਦਾ ਕਤਲ ਸਾਲ 2000 'ਚ ਭਾਰਤ 'ਚ ਹੋਇਆ ਸੀ, ਨੂੰ ਅਪਰਾਧਿਕ ਦੋਸ਼ਾਂ ਦੇ ਬਾਵਜੂਦ ਗਲਤੀ ਨਾਲ ਕੈਨੇਡਾ ਦੀ ਪੀ.ਆਰ. ਦੇ ਦਿੱਤੀ ਗਈ ਸੀ। ਇਸ ਸਾਰੀ ਗਲਤੀ ਦਾ ਖੁਲਾਸਾ ਫੈਡਰਲ ਕੋਰਟ ਵਲੋਂ ਉਦੋਂ ਕੀਤਾ ਗਿਆ ਜਦੋਂ ਦਰਸ਼ਨ ਸਿੰਘ ਦੇ ਬੇਟੇ ਨੇ ਪੀ.ਆਰ. ਵੀਜ਼ਾ ਲਈ ਅਪਲਾਈ ਕੀਤਾ। ਕੋਰਟ ਨੇ ਉਸ ਨੂੰ ਕੈਨੇਡਾ 'ਚ ਰਹਿਣ ਦੀ ਆਗਿਆ ਦਿੰਦੇ ਹੋਏ ਕਿਹਾ ਕਿ ਪਿਤਾ ਦੇ ਅਪਰਾਧਾਂ ਲਈ ਉਸ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਬੀਸੀ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਜਸਵਿੰਦਰ ਕੌਰ ਸਿੱਧੂ ਦੇ ਕਤਲ ਤੋਂ ਬਾਅਦ ਇਸ ਮਾਮਲੇ 'ਚ ਕਈ ਮੋੜ ਆਏ। ਜਸਵਿੰਦਰ ਕੌਰ ਸਿੱਧੂ ਤੇ ਉਸ ਦੇ ਰਿਕਸ਼ਾ ਚਾਲਕ ਪਤੀ ਸੁਖਵਿੰਦਰ ਸਿੰਖ ਸਿੱਧੂ 'ਤੇ ਪੰਜਾਬ ਦੇ ਜਗਰਾਓਂ 'ਚ ਜੂਨ 2000 'ਚ ਹਮਲਾ ਹੋਇਆ ਸੀ। ਹਮਲੇ ਤੋਂ ਅਗਲੇ ਦਿਨ ਜਸਵਿੰਦਰ ਕੌਰ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਗਲੇ 'ਤੇ ਗਹਿਰੇ ਜ਼ਖਮਾਂ ਦੇ ਨਿਸ਼ਾਨ ਸਨ। ਭਾਰਤੀ ਪੁਲਸ ਨੇ ਦੋਸ਼ ਲਾਏ ਸਨ ਕਿ ਜਸਵਿੰਦਰ ਕੌਰ ਦੀ ਮਾਂ ਮਲਕੀਤ ਕੌਰ ਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸਾ ਨੇ ਲੜਕੀ ਦੇ ਕਤਲ ਦੇ ਹੁਕਮ ਦਿੱਤੇ ਸਨ, ਕਿਉਂਕਿ ਜਸਵਿੰਦਰ ਨੇ ਆਪਣੀ ਮਾਂ ਤੇ ਮਾਮੇ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਇਆ ਸੀ।
ਕਤਲ ਦੇ ਦੋਸ਼ੀ ਸੱਤਾਂ ਲੋਕਾਂ 'ਚੋਂ ਇਕ ਦਰਸ਼ਨ ਸਿੰਘ ਨੂੰ ਭਾਰਤ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਾਲ 2007 'ਚ ਉਮਰ ਕੈਦੀ ਸਜ਼ਾ ਦੌਰਾਨ ਦਰਸ਼ਨ ਸਿੰਘ ਨੇ ਆਪਣੀ ਪਤਨੀ ਤੇ ਬੇਟੇ ਦੇ ਨਾਲ ਕੈਨੇਡਾ ਦੀ ਪੀ.ਆਰ. ਲਈ ਅਪਲਾਈ ਕਰ ਦਿੱਤਾ। ਇਸ ਦੌਰਾਨ ਉਸ ਦੀ ਕੈਨੇਡਾ 'ਚ ਮੌਜੂਦ ਬੇਟੀ ਨੇ ਉਨ੍ਹਾਂ ਨੂੰ ਸਪੌਂਸਰ ਕੀਤਾ ਸੀ। ਜਦੋਂ ਉਸ ਤੋਂ ਐਪਲੀਕੇਸ਼ਨ ਫਾਰਮ 'ਤੇ ਪੁੱਛਿਆ ਗਿਆ ਕਿ ਕੀ ਉਸ ਦਾ ਕੋਈ ਅਪਰਾਧਿਕ ਮਾਮਲਾ ਹੈ ਤਾਂ ਉਸ ਨੇ 'ਨਾ' 'ਚ ਜਵਾਬ ਦਿੱਤਾ।
ਸਿੱਧੂ ਨੇ ਆਪਣੀ ਸਜ਼ਾ ਦੇ ਮਾਮਲੇ 'ਚ ਅਦਾਲਤ 'ਚ ਅਪੀਲ ਕੀਤੀ ਸੀ, ਜਿਸ 'ਤੇ 2008 'ਚ ਉਸ ਨੂੰ ਆਰਜ਼ੀ ਪੇਰੋਲ ਦੇ ਦਿੱਤੀ ਗਈ। ਇਸੇ ਸਾਲ ਮਈ ਮਹੀਨੇ ਸਿੱਧੂ, ਉਸ ਦੀ ਪਤਨੀ ਤੇ 25 ਸਾਲਾਂ ਬੇਟਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਵੈਨਕੂਵਰ ਪਹੁੰਚ ਗਏ ਤੇ ਉਥੇ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰ ਦਿੱਤਾ। ਸਿੱਧੂ ਤੇ ਉਸ ਦੀ ਪਤਨੀ 6 ਮਹੀਨਿਆਂ ਬਾਅਦ ਭਾਰਤ ਪਰਤ ਆਏ ਤੇ ਸਿੱਧੂ ਦੁਬਾਰਾ ਜੇਲ ਚਲਾ ਗਿਆ। ਉਸ ਤੋਂ ਬਾਅਦ ਉਹ ਕੈਨੇਡਾ ਨਹੀਂ ਗਿਆ। ਇਸ ਤੋਂ ਬਾਅਦ ਉਸ ਦਾ ਬੇਟਾ ਬਰਿੰਦਰ ਸਿੰਘ ਸਿੱਧੂ ਕੈਨੇਡਾ 'ਚ ਹੀ ਰਹਿਣ ਲੱਗਾ ਤੇ ਉਥੇ ਉਸ ਨੇ ਆਪਣਾ ਪਰਿਵਾਰ ਬਣਾ ਲਿਆ।
2014 ਦੀ ਸ਼ੁਰੂਆਤ 'ਚ ਜਦੋਂ ਬਰਿੰਦਰ ਭਾਰਤ ਆਇਆ ਤੇ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੀ ਪੀ.ਆਰ. ਐਕਸਪਾਇਰ ਹੋ ਗਈ ਹੈ। ਇਸ ਤੋਂ ਬਾਅਦ ਉਹ ਕੈਨੇਡੀਅਨ ਕੌਂਸਲੇਟ ਕੋਲ ਕੈਨੇਡਾ ਦੇ ਵੀਜ਼ਾ ਲਈ ਪਹੁੰਚਿਆ। ਇਸ ਸਮੇਂ ਦੌਰਾਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਇਕ ਅਪਰਾਧੀ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇ ਦਿੱਤਾ ਸੀ। ਉਸ ਵੇਲੇ ਬਰਿੰਦਰ ਨੂੰ ਕੈਨੇਡਾ ਜਾਣ ਦੀ ਆਗਿਆ ਦੇ ਦਿੱਤੀ ਗਈ ਪਰ 2015 'ਚ ਇਕ ਇੰਮੀਗ੍ਰੇਸ਼ਨ ਅਧਿਕਾਰੀ ਨੇ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਕਿ ਉਸ ਨੂੰ ਆਪਣੇ ਪਿਤਾ ਦੇ ਅਪਰਾਧਾਂ ਕਾਰਨ ਕੈਨੇਡਾ 'ਚ ਰਹਿਣ ਦੀ ਅਗਿਆ ਨਹੀਂ ਦੇਣੀ ਚਾਹੀਦੀ।
ਪਰ ਬੀਤੇ ਸਾਲਾਂ 'ਚ ਇੰਮੀਗ੍ਰੇਸ਼ਨ ਤੇ ਰਫਿਊਜੀ ਬੋਰਡ (ਆਈਆਰਬੀ) ਨੇ ਕਿਹਾ ਕਿ ਬਰਿੰਦਰ ਕੈਨੇਡਾ 'ਚ ਰਹਿ ਸਕਦਾ ਹੈ ਕਿਉਂਕਿ ਉਹ ਆਪਣੇ ਪਿਤਾ ਦੇ ਅਪਰਾਧਾਂ ਲਈ ਜ਼ਿੰਮੇਦਾਰ ਨਹੀਂ ਹੈ। 2017 'ਚ ਵੀ ਇਸ ਮਾਮਲੇ ਦੀ ਸਮੀਖਿਆ ਲਈ ਅਰਜ਼ੀ ਦਿੱਤੀ ਗਈ ਪਰ ਇਸ ਦੌਰਾਨ ਆਈ.ਆਰ.ਬੀ. ਨੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਮਾਮਲਾ ਅਦਾਲਤ 'ਚ ਲਿਆਉਂਦੇ ਹੋਏ ਸਰਕਾਰ ਵਲੋਂ ਸਵਾਲ ਕੀਤਾ ਗਿਆ ਕਿ ਬਰਿੰਦਰ ਨੇ ਪੀ.ਆਰ. ਅਰਜ਼ੀ ਤੇ ਇੰਟਰਵਿਊ ਦੌਰਾਨ ਆਪਣੇ ਪਿਤਾ ਦੇ ਅਪਰਾਧਾਂ ਬਾਰੇ ਨਹੀਂ ਦੱਸਿਆ। ਇਸ ਦੌਰਾਨ ਉਸ ਦੀ ਡਿਊਟੀ ਬਣਦੀ ਸੀ ਕਿ ਉਹ ਇਸ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ਨੂੰ ਨਾ ਲੁਕਾਵੇ।
ਇਸ ਮਾਮਲੇ 'ਚ ਬੀਤੇ ਹਫਤੇ ਆਏ ਫੈਸਲੇ 'ਚ ਜੱਜ ਰਿਚਰਡ ਮੋਜ਼ਲੀ ਨੇ ਕਿਹਾ ਕਿ ਇਸ ਦੌਰਾਨ ਬੇਟਾ ਆਪਣੇ ਪਿਤਾ ਦੇ ਅਪਰਾਧਾਂ ਨੂੰ ਦੱਸਣ ਲਈ ਵਚਨਬੱਧ ਨਹੀਂ ਸੀ। ਇਸ ਲਈ ਜੱਜ ਮੋਜ਼ਲੀ ਨੂੰ ਵੀ ਲੱਗਿਆ ਕਿ ਬੇਟਾ ਆਪਣੇ ਪਿਤਾ ਦੇ ਅਪਰਾਧਾਂ ਲਈ ਜ਼ਿੰਮੇਦਾਰ ਨਹੀਂ। ਇਸ ਸਭ ਤੋਂ ਬਾਅਦ ਅਦਾਲਤ ਨੇ ਇਹ ਮਾਮਲਾ ਆਈ.ਆਰ.ਬੀ. ਦੀ ਇੰਮੀਗ੍ਰੇਸ਼ਨ ਅਪੀਲ ਡਿਵੀਜ਼ਨ ਕੋਲ ਸਮੀਖਿਆ ਲਈ ਭੇਜ ਦਿੱਤਾ।
ਬਰਿੰਦਰ ਸਿੰਘ ਸਿੱਧੂ ਦੇ ਵਕੀਲ ਐਲੇਕਸ ਸਟੋਜੀਸੀਵਿਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਫੈਡਰਲ ਕੋਰਟ ਦੇ ਫੈਸਲੇ ਦੇ ਸਬੰਧ 'ਚ ਅਪੀਲ ਕਰਨ 'ਤੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਦੂਜਾ ਬਦਲ ਇਹ ਵੀ ਹੈ ਕਿ ਇਹ ਸਾਰਾ ਮਾਮਲਾ ਆਈ.ਆਰ.ਬੀ. 'ਚ ਆਉਣ ਤੋਂ ਬਾਅਦ ਉਹ ਆਪਣੇ ਮੁਵੱਕਿਲ ਦੇ ਕੈਨੇਡਾ 'ਚ ਰਹਿਣ ਲਈ ਬਹਿਸ ਕਰਨ। ਵਕੀਲ ਨੇ ਕਿਹਾ ਕਿ ਬਰਿੰਦਰ 2008 ਤੋਂ ਕੈਨੇਡਾ 'ਚ ਰਹਿ ਰਿਹਾ ਹੈ, ਇਥੇ ਉਸ ਦੇ ਦੋ ਬੱਚੇ ਹਨ ਤੇ ਪਤਨੀ ਹੈ, ਜੋ ਕਿ ਕੈਨੇਡੀਅਨ ਨਾਗਰਿਕ ਹਨ ਤੇ ਉਸ ਦੀ ਭੈਣ ਵੀ ਕੈਨੇਡੀਅਨ ਨਾਗਰਿਕ ਹੈ। ਇਹ ਉਸ ਦੇ ਵੱਲ ਬਹੁਤ ਮਜ਼ਬੂਤ ਤੱਥ ਹਨ ਤੇ ਉਸ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ। ਇੰਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਨਿੱਜੀ ਕਾਰਨਾਂ ਕਰਕੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 
ਬਰਿੰਦਰ ਦੇ ਵਕੀਲ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਭਾਰਤੀ ਅਦਾਲਤ ਵਲੋਂ ਦੋਸ਼ੀ ਕਰਾਰ ਦਰਸ਼ਨ ਸਿੰਘ ਸਿੱਧੂ ਕਦੇ ਵੀ ਕੈਨੇਡਾ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਕਤਲ ਦੇ ਸਾਜ਼ਿਸ਼ਕਰਤਾ ਸੁਰਜੀਤ ਸਿੰਘ ਬਦੇਸਾ ਤੇ ਮਲਕੀਤ ਕੌਰ ਦੇ ਵਕੀਲ ਨੇ ਵੀ ਦੋਵਾਂ ਨੂੰ ਭਾਰਤੀ ਸਰਕਾਰ ਨੂੰ ਸੌਂਪਣ ਖਿਲਾਫ ਅਦਾਲਤ 'ਚ ਅਪੀਲ ਕੀਤੀ ਹੈ।


Related News