ਨੂਰਪੁਰਬੇਦੀ-ਝੱਜ ਚੌਕ ਸੜਕ ਦੇ ਨਿਰਮਾਣ ''ਚ ਦੇਰੀ ਕਾਰਨ ਲੋਕਾਂ ਕੀਤਾ ਚੱਕਾ ਜਾਮ

03/22/2018 12:02:13 AM

ਨੂਰਪੁਰਬੇਦੀ, (ਕਮਲਜੀਤ /ਭੰਡਾਰੀ /ਅਵਿਨਾਸ਼)- ਨੂਰਪੁਰਬੇਦੀ-ਝੱਜ ਚੌਕ ਮੁੱਖ ਸੜਕ ਦੇ ਨਿਰਮਾਣ 'ਚ ਹੋ ਰਹੀ ਦੇਰੀ ਕਾਰਨ ਇਸ ਸੜਕ ਦੀ ਖਸਤਾ ਹਾਲਤ ਕਰ ਕੇ ਪ੍ਰੇਸ਼ਾਨ ਲੋਕਾਂ ਨੇ ਕਰੀਬ 3 ਘੰਟੇ ਚੱਕਾ ਜਾਮ ਕੀਤਾ।
ਧਰਨਾਕਾਰੀਆਂ ਦੀ ਗੱਲ ਸੁਣਨ ਲਈ ਬੇਸ਼ੱਕ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਅਮਨਦੀਪ ਚਾਵਲਾ ਮੌਕੇ 'ਤੇ ਪਹੁੰਚੇ ਪਰ ਧਰਨਾਕਾਰੀ ਇਸ ਗੱਲ ਲਈ ਬਾਜ਼ਿੱਦ ਰਹੇ ਕਿ ਜਦੋਂ ਤੱਕ ਸੜਕ ਨੂੰ ਬਣਾਉਣ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਆਉਂਦਾ, ਉਦੋਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ। ਉਪਰੰਤ ਲੋਕ ਨਿਰਮਾਣ ਵਿਭਾਗ ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ.ਡੀ.ਓ. ਦਵਿੰਦਰ ਮੱਲ ਨੇ ਮੌਕੇ 'ਤੇ ਆ ਕੇ ਇਹ ਭਰੋਸਾ ਦਿੱਤਾ ਕਿ ਬੰਦ ਪਏ ਕਰੱਸ਼ਰ ਕੁਝ ਕੁ ਦਿਨਾਂ 'ਚ ਚੱਲ ਪੈਣਗੇ ਤੇ ਉਸ ਤੋਂ ਬਾਅਦ 5 ਦਿਨਾਂ ਉਪਰੰਤ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਹਰ ਹਾਲਤ 'ਚ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਕਾਹਲੋਂ ਤੇ ਡਾ. ਦਵਿੰਦਰ ਬਜਾੜ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਥਾਂ-ਥਾਂ 'ਤੇ ਡੂੰਘੇ ਟੋਏ ਪੈਣ ਕਾਰਨ ਲੋਕਾਂ ਵੱਲੋਂ ਇਸ ਸੜਕ ਤੋਂ ਲੰਘਣਾ ਇਕ ਤਰ੍ਹਾਂ ਨਾਲ ਆਪਣੀ ਜਾਨ ਨੂੰ ਮੌਤ ਦੇ ਮੂੰਹ 'ਚ ਧੱਕਣ ਵਾਲੀ ਗੱਲ ਹੈ। ਮਾ. ਗੁਰਨੈਬ ਸਿੰਘ ਜੇਤੇਵਾਲ, ਕੁਲਦੀਪ ਚੰਦਰ ਢੰਡ ਤੇ ਮਦਨ ਗੋਪਾਲ ਨੇ ਕਿਹਾ ਕਿ ਇਲਾਕੇ ਦੇ ਲੋਕ ਇਸ ਸੜਕ ਦਾ ਬੀਤੇ 2 ਸਾਲਾਂ ਤੋਂ ਸੰਤਾਪ ਹੰਢਾ ਰਹੇ ਹਨ। ਲੋਕ ਨਿਰਮਾਣ ਵਿਭਾਗ ਵੱਲੋਂ ਇਸ ਸੜਕ 'ਤੇ ਮਿੱਟੀ-ਬਜਰੀ ਦਾ ਮਿਕਸਚਰ ਪਾ ਕੇ ਛੱਡਿਆ ਹੋਇਆ ਹੈ, ਜਦਕਿ ਪ੍ਰੀਮਿਕਸ ਪਾਉਣ ਦਾ ਵਿਭਾਗ ਨਾਮ ਹੀ ਨਹੀਂ ਲੈ ਰਿਹਾ। ਮਾ. ਦਰਸ਼ਨ ਕੁਮਾਰ ਸੈਣੀ ਮਾਜਰਾ, ਅਮਨ ਸੈਣੀ ਤੇ ਮਾ. ਅਸ਼ੋਕ ਕੁਮਾਰ ਨੇ ਵੀ ਭੜਾਸ ਕੱਢੀ। 
ਇਸ ਮੌਕੇ ਅਮਨ ਸੈਣੀ, ਮੋਹਣ ਸਿੰਘ ਧਮਾਣਾ, ਸਤਪਾਲ ਸੈਣੀ, ਜਗਜੀਤ ਸੈਕਟਰੀ ਮਵਾ, ਡਾ. ਦਵਿੰਦਰ ਬਜਾੜ, ਅਵਤਾਰ ਸਿੰਘ, ਸੰਜੀਵ ਲੋਟੀਆ, ਧਮੜੈਤ ਗੱਦੀਵਾਲ, ਸੋਹਣ ਮੋਠਾਪੁਰ, ਅਸ਼ਵਨੀ ਚੱਢਾ, ਨੀਟਾ ਸ਼ਰਮਾ, ਸਾਲਗ ਰਾਮ ਆਦਿ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਇਸ ਸੜਕ 'ਤੇ ਪੱਕੇ ਤੌਰ 'ਤੇ ਚੱਕਾ ਜਾਮ ਕੀਤਾ ਜਾਵੇਗਾ।


Related News