ਟਰਾਂਸਫਰ ਨੀਤੀ ਦੇ ਵਿਰੁੱਧ ਭੜਕੇ ਅਧਿਆਪਕ

03/21/2018 11:54:12 PM

ਨਵਾਂਸ਼ਹਿਰ,(ਤ੍ਰਿਪਾਠੀ, ਮਨੋਰੰਜਨ)- ਸਿੱਖਿਆ ਬਚਾਓ ਮੰਚ ਦੇ ਅਧਿਆਪਕਾਂ ਨੇ ਅੱਜ ਸਿੱਖਿਆ ਵਿਰੋਧੀ ਫੈਸਲਿਆਂ ਦੇ ਵਿਰੋਧ 'ਚ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫਤਰ ਦੇ ਬਾਹਰ ਵੱਡਾ ਇਕੱਠ ਕਰ ਕੇ ਧਰਨਾ ਦਿੱਤਾ। ਉਪਰੰਤ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੱਢ ਕੇ ਚੰਡੀਗੜ੍ਹ ਚੌਕ 'ਚ ਸਰਕਾਰ ਦਾ ਪੁਤਲਾ ਫੂਕਿਆ। 
ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਉਪਲ, ਈ.ਟੀ.ਟੀ. ਯੂਨੀਅਨ ਦੇ ਆਗੂ ਕਰਨੈਲ ਸਿੰਘ ਸਹਾਦੜਾ ਅਤੇ ਬਲਜਿੰਦਰ ਸਿੰਘ ਵਿਰਕ, ਐੱਸ.ਐੱਸ.ਏ. ਦੇ ਸਰਬਦੀਪ ਸਿੰਘ, ਐੱਸ.ਸੀ.ਬੀ.ਸੀ. ਸੈੱਲ ਦੇ ਪ੍ਰਧਾਨ ਰਾਮਕ੍ਰਿਸ਼ਨ ਅਤੇ ਕੰਪਿਊਟਰ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਆਏ ਦਿਨ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਨੂੰ ਅਮਲ 'ਚ ਲਿਆ ਰਹੀ ਹੈ, ਜਿਸ ਕਾਰਨ ਸਰਕਾਰੀ ਸਕੂਲਾਂ 'ਚ ਨਾ ਸਿਰਫ ਸਿੱਖਿਆ ਦਾ ਪੱਧਰ ਹੇਠਾਂ ਵੱਲ ਜਾ ਰਿਹਾ ਹੈ, ਸਗੋਂ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਅਧਿਆਪਕਾਂ ਨੂੰ ਵੀ ਭਾਰੀ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੀਆਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਨੂੰ ਜਲਦ ਨਹੀਂ ਬਦਲਿਆ ਤਾਂ ਅਧਿਆਪਕ ਜਥੇਬੰਦੀਆਂ ਹੋਰ ਵੀ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਗੀਆਂ। ਬੀ.ਐੱਡ. ਯੂਨੀਅਨ ਦੇ ਸੁਭਾਸ਼ ਚੰਦਰ, ਈ.ਜੀ.ਐੱਸ. ਦੇ ਸੋਹਨ ਲਾਲ ਅਤੇ ਸ਼ਿਵ ਕੁਮਾਰ ਨੇ ਕਿਹਾ ਕਿ ਸਿੱਖਿਆ ਬਚਾਓ ਮੰਚ ਵੱਲੋਂ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

PunjabKesari
ਰੂਪਨਗਰ, (ਵਿਜੇ)-ਸਰਕਾਰੀ ਸਕੂਲਾਂ 'ਚ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ, ਐੱਸ. ਟੀ. ਆਰ, ਏ. ਆਈ. ਟੀ. ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਲਈ, ਦੋਸ਼ਪੂਰਨ ਤਬਾਦਲਾ ਨੀਤੀ ਨੂੰ ਰੱਦ ਕਰਵਾਉਣ, ਐੱਸ.ਐੱਸ.ਏ., ਰਮਸਾ, 5178 ਸਮੇਤ ਹੋਰ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੱਦੇ 'ਤੇ ਰੂਪਨਗਰ ਦੇ ਅਧਿਆਪਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। 
ਇਸ ਤੋਂ ਬਾਅਦ ਹੈੱਡ ਵਰਕਸ ਨੇੜੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਮਹਿਲਾ ਅਧਿਆਪਕਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਸੜਕਾਂ 'ਤੇ ਆ ਗਿਆ ਹੈ।ਉਨ੍ਹਾਂ ਐਲਾਨ ਕੀਤਾ ਕਿ 1 ਅਪ੍ਰੈਲ ਤੋਂ 'ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ' ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। 
ਇਸ ਮੌਕੇ ਹਰਜੀਤ ਸਿੰਘ, ਕਰਮਜੀਤ, ਵਸ਼ਿੰਗਟਨ ਸਿੰਘ, ਮਹਿੰਦਰ ਰਾਣਾ, ਬਲਜਿੰਦਰ, ਹਰਮੀਤ ਸਿੰਘ ਬਾਗਵਾਲੀ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਰਜਿੰਦਰ ਕੌਰ, ਅਵਤਾਰ ਧਨੋਆ, ਰਜਿੰਦਰ ਕੌਰ, ਜਗਜੀਤ ਸਿੰਘ, ਅਮਰਦੀਪ ਸਿੰਘ, ਰਾਏ ਸਿੰਘ, ਬਲਵਿੰਦਰ ਸਿੰਘ ਮੀਆਂਪੁਰ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੋਮਾ ਦੇਵੀ, ਹਰਜੀਤ ਕੌਰ, ਹਰਜਿੰਦਰ ਕੌਰ, ਹਰਪਾਲ ਕੌਰ, ਰੁਪਿੰਦਰ ਕੌਰ, ਸੰਜੀਵ ਕੁਮਾਰ, ਹਰਪਿੰਦਰ ਲਵਲੀ, ਰਜਿੰਦਰ ਵਿਸ਼ਨੂੰ ਤੇ ਸ਼ਾਮ ਲਾਲ ਆਦਿ ਹਾਜ਼ਰ ਸਨ।
ਇਹ ਹਨ ਮੰਗਾਂ
1. ਕੰਪਿਊਟਰ ਅਤੇ ਐੱਸ.ਐੱਸ.ਏ., ਰਮਸਾ ਅਧਿਆਪਕਾਂ ਨੂੰ ਮੌਜੂਦਾ ਫਿਕਸ ਤਨਖਾਹ 'ਤੇ ਰੈਗੂਲਰ ਕੀਤਾ ਜਾਵੇ।
2. ਸਿੱਖਿਆ ਪ੍ਰੋਵਾਈਡਰ ਅਤੇ ਈ.ਜੀ.ਐੱਸ.ਆਈ.ਈ.ਆਰ.ਟੀ. ਅਧਿਆਪਕਾਂ ਨੂੰ ਪੂਰਾ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ।
3. ਨਵੀਂ ਤਬਾਦਲਾ ਅਤੇ ਰੈਸ਼ਨੇਲਾਈਜ਼ੇਸ਼ਨ ਨੀਤੀ ਨੂੰ ਰੱਦ ਕੀਤਾ ਜਾਵੇ। 
4. 60 ਬੱਚਿਆਂ ਦੀ ਸ਼ਰਤ ਵਾਲੀ ਹੈੱਡ ਟੀਚਰ ਦੀ ਨੀਤੀ ਰੱਦ ਕੀਤੀ ਜਾਵੇ। 
5. 5178 ਅਧਿਆਪਕਾਂ ਨੂੰ ਪੂਰੇ ਸਕੇਲ ਵਿਚ ਰੈਗੂਲਰ ਕੀਤਾ ਜਾਵੇ। 
6. ਦਰਜ ਝੂਠੇ ਪੁਲਸ ਮਾਮਲੇ ਵਾਪਿਸ ਲਏ ਜਾਣ।
7. ਅਧਿਆਪਕਾਂ ਦੀਆਂ ਜਨਵਰੀ ਤੋਂ ਰੁਕੀਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ ਆਦਿ। 


Related News